
ਪੰਜਾਬ ਦੀ ਧਰਤੀ ਤੇ ਜੰਮਿਆ ਨੌਜੁਆਨ ਪੰਜਾਬੀਅਤ ਦੇ ਹੱਕਾਂ ਲਈ ਕਦੋਂ ਜਾਗੇਗਾ ?
- Punjab Click Blog
- October 1, 2022
- No Comment
- 49
ਪੰਜਾਬ ਇੱਕ ਵਾਰ ਫਿਰ ਬਰਬਾਦੀ ਵੱਲ ਕੌਣ ਤੋਰ ਰਿਹਾ ਹੈ ?
ਸਾਲ 1947 ਦੇ ਉਜਾੜੇ ਤੋਂ ਲੈ ਕੇ ਪੰਜਾਬ ਹੁਣ ਤੱਕ ਵੰਡਿਆ ਤਾਂ ਗਿਆ ਹੈ। ਪਰ ਉਸ ਵਿਚ ਪੰਜਾਬੀ ਜਾਗਿਆ ਨਹੀਂ ਕਿ ਉਸ ਦਾ ਉਜਾੜਾ ਉਸ ਸਮੇਂ ਕਿਉੇਂ ਹੋ ਜਾਂਦਾ ਹੈ ਜਦੋਂ ਪੰਜਾਬ ਆਪਣੇ ਪੈਰਾਂ ਤੇ ਖੜਾ ਹੋਣ ਲੱਗਦਾ ਹੈ। ਸਾਲ 1947 ਤੋਂ 1978 ਤੱਕ ਹਾਲਾਂ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹ ਹੀ ਰਿਹਾ ਸੀ। ਉੱਸ ਸਮੇਂ ਧਰਮ ਦੀ ਲੜਾਈ ਨੇ ਅਜਿਹੀ ਤੂਲ ਫੜ੍ਹੀ ਕਿ ਇਹ ਖਿੱਤੇ ਦੀ ਲੜਾਈ, ਪੰਜਾਬ ਦੇ ਅਧਿਕਾਰਾਂ ਦੀ ਲੜਾਈ, ਕਿਤੇ ਸਿੱਖ ਸਟੇਟ ਜਾਂ ਫਿਰ ਖਾਲਿਸਤਾਨ ਦੀ ਮੰਗ ਨੂੰ ਲੈਕੇ ਅਜਿਹਾ ਰਲਗੱਡ ਹੋਇਆ ਕਿ ਪੰਜਾਬ ਨੇ ਸਰਕਾਰੀ ਅਤੇ ਗੈਰ ਸਰਕਾਰੀ ਹਜ਼ਾਰਾਂ ਲਾਸ਼ਾਂ ਨੂੰ ਆਪਣੀ ਧਰਤੀ ਤੇ ਸਮੋ ਲਿਆ। ਪੰਜਾਬ ਵਿੱਚ ਸਿਵਾਏ ਉਜਾੜੇ ਤੋਂ ਬਾਦ ਕੁਝ ਵੀ ਪੱਲੇ ਨਹੀਂ ਪਿਆ। ਜਦ ਕਿ ਅਸਲ ਸੱਚ ਤਾਂ ਇਹ ਹੈ ਕਿ ਜਿਸ ਨੂੰ ਵੀਹਵੀਂ ਸਦੀ ਦੇ ਸਿੱਖ ਸੰਘਰਸ਼ ਦਾ ਨਾਂ ਦਿੱਤਾ ਗਿਆ। ਉਸ ਦਾ ਇਹ ਹੀ ਪਤਾ ਨਹੀਂ ਸੀ ਕਿ ਉਹ ਸੰਘਰਸ਼ ਕਿਸੇ ਗੱਲ ਦੇ ਲਈ ਲੜਿਆ ਗਿਆ, ਕਿੰਨ੍ਹਾਂ ਵਲੋਂ ਲੜਿਆ ਗਿਆ । ਬੱਸ ਇੰਨਾ ਜਰੂਰ ਨਤੀਜਾ ਨਿਕਲਿਆ ਕਿ ਨੁਕਸਾਨ ਸਮੁੱਚੀ ਪੰਜਾਬੀਅਤ ਦਾ ਹੋਇਆ। ਜੋ ਇਸ ਸੰਘਰਸ਼ ਨੂੰ ਲੜਣ ਵਾਲੇ ਸਨ ਵਧੇਰੇ ਤਾਂ ਵਿਦੇਸ਼ਾਂ ਵਿੱਚ ਵੱਸ ਗਏ ਹਨ, ਕੁਝ ਸਿਵਿਆਂ ਵਿੱਚ ਪੈ ਗਏ ਅਤੇ ਕੁਝ ਕੁ ਜੇਲ੍ਹਾਂ ਵਿਚ ਸੜ ਰਹੇ ਹਨ। ਜੋ ਉਂਝ ਤਾਂ ਪੰਜਾਬੀ ਸਿੱਖ ਸਨ, ਉਹ ਉਜਾੜੇ ਦਾ ਸ਼ਿਕਾਰ ਹੋ ਗਏ ਤੇ ਸਿੱਖ ਸੰਘਰਸ਼ ਦੇ ਵਧੇਰੇ ਯੋਧੇ ਬਾਦਲਾਂ ਦੀ ਝੋਲੀ ਵਿੱਚ ਪੈ ਗਏ। ਜਿਸ ਸ਼ਖਸ਼ੀਅਤ ਨੇ ਇਹ ਸੰਘਰਸ਼ ਸ਼ੁੂਰੂ ਕੀਤਾ ਸੀ ਉਸ ਦੇ ਅਸਲ ਪੈਰੋਕਾਰਾਂ ਨੇ ਇੱਕ ਗਿਣੀ-ਮਿੱਥੀ ਸਾਜ਼ਿਸ਼ ਦੀ ਤਹਿਤ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਕੁਰਬਾਨੀ ਨੂੰ ਕੁੱਝ ਇਸ ਕਦਰ ਰੋਲਿਆ ਕਿ ਜਿਸ ਨਾਲ ਇਸ ਸੰਘਰਸ਼ ਦਾ ਨਾਮੋ-ਨਿਸ਼ਾਨ ਹੀ ਖਤਮ ਕਰ ਦਿੱਤਾ ਗਿਆ । ਇਸ ਸੰਘਰਸ਼ ਦੀ ਸਮਝ ਨਹੀਂ ਆਈ ਕਿ ਇਸ ਨੂੰ ਖਤਮ ਕਰਨ ਦੇ ਲਈ ਇਸ ਦੇ ਹਮਾਇਤੀਆਂ ਨੇ ਵਿਕਾਊ ਪੁਣਾ, ਝੂਠੀ ਸ਼ੋਹਰਤ, ਲਾਲਚ ਅਤੇ ਪੁਸ਼ਤ ਪ੍ਰਤੀਤੀ ਸਰਕਾਰੀ ਅਤੇ ਰਾਜਸੀ ਅਹੁਦਾਰੀਆਂ ਨੂੰ ਕਿਉਂ ਕਬੂਲਿਆ। ਅੱਜ ਜਦੋਂ ਪੰਜਾਬ ਦਾ ਹਰ ਵਿਿਦਆਰਥੀ, ਕਥਾਵਾਚਕ, ਰਾਗੀ ਅਤੇ ਢਾਡੀ ਵਿਦੇਸ਼ਾਂ ਨੂੰ ਵੱਡੇ ਪੱਧਰ ਤੇ ਕੂਚ ਕਰ ਰਿਹਾ ਹੈ ਅਤੇ ਇਸ ਨੂੰ ਜ਼ਮੀਨੀ ਤੌਰ ਤੇ ਗੈਰ ਪੰਜਾਬੀਆਂ ਦੇ ਹਵਾਲੇ ਕਰ ਰਿਹਾ ਹੈ। ਸਿੱਖ ਪੰਥ ਅਤੇ ਉਜਾੜੇ ਦੇ ਅਸਲ ਦੋਸ਼ੀਆਂ ਨੂੰ ਪਹਿਚਾਨ ਕਿ ਸਜ਼ਾ ਦੇਣ ਦੇ ਹੁਣ ਇੱਕ ਵਾਰ ਫਿਰ ਲੜਾਈ ਕੇਂਦਰ ਦੀ ਹਿੰਦੂ ਲੀਡਰਸ਼ਿਪ ਨਾਲ ਵਿੱਢਣ ਦੀਆਂ ਕਵਾਇਦਾਂ ਪਲਨੀਆਂ ਸ਼ੁਰੂ ਹੋ ਗਈਆਂ ਹਨ। ਜਦਕਿ ਅਗਰ ਗੋਰ ਨਾਲ ਸੋਚਿਆ ਜਾਵੇ ਤਾਂ ਨਤੀਜਾ ਇਹ ਨਿਕਲਦਾ ਹੈ ਕਿ ਜਿੰਨ੍ਹਾਂ ਨੇ ਦੇਸ਼ ਦੀ ਆਜ਼ਾਦੀ ਤੇ ਪੰਜਾਬ ਦੀ ਆਜ਼ਾਦੀ ਤੇ ਕੌਮ ਦੀ ਆਜ਼ਾਦੀ ਲਈ ਲੜੀ, ਉਹ ਅੱਜ ਤੱਕ ਇਹ ਹੀ ਨਹੀਂ ਸਪੱਸ਼ਟ ਕਰ ਸਕੇ ਕਿ ਪੰਜਾਬ ਦੇ ਦਾਅਵੇ ਦਾ ਕਿਹੜਾ ਸਿੱਖ ਹੈ ਅਤੇ ਸਿੱਖ ਦੀ ਅਸਲ ਪ੍ਰੀਭਾਸ਼ਾਂ ਅਜੋਕੇ ਯੁੱਗ ਵਿਚ ਕੀ ਹੈ ? ਕੁੱਝ ਤਾਂ ਹਿੰਦੂ ਲੀਡਰਸ਼ਿਪ ਨਾਲ ਲੜ ਰਹੇ ਹਨ ਅਤੇ ਕੁੱਝ ਕੁ ਹਿੰਦੂ ਲੀਡਰਸ਼ਿਪ ਦੀਆਂ ਝੌਲੀਆਂ ਨਿੱਤ ਦਿਨ ਚੁੱਕ ਰਹੇ ਹਨ। ਜਦੋਂ ਵੀ ਪੰਜਾਬ ਦਾ ਨੁਕਸਾਨ ਹੋਇਆ ਅਤੇ ਸਿੱਖ ਧਰਮ ਨੂੰ ਸੇਂਧ ਲੱਗੀ, ਉਹ ਪੰਥਕ ਸਰਕਾਰ ਦੇ ਹੋਂਦਿਆਂ ਹੀ ਲੱਗੀ।
ਸਾਲ 1978 ਦੀ ਵਿਸਾਖੀ ਮੌਕੇ ਇੱਕ ਡੇਰਾਵਾਦ ਨਿਰੰਕਾਰੀ ਨਾਲ ਜੋ ਕੁਝ ਹੋਇਆ, ਉਹ ਸ਼੍ਰੌਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਸਮੇਂ ਹੋਇਆ। ਉਸ ਤੋਂ ਬਾਅਦ ਜੇਕਰ ਸਾਕਾ ਨੀਲਾ ਤਾਰਾ ਵਾਪਰਿਆ ਤਾਂ ਉਹ ਵੀ ਅਕਾਲੀ ਦਲ ਦੇ ਲੀਡਰਾਂ ਦੀਆਂ ਕੇਂਦਰੀ ਵਫਾਦਾਰੀਆਂ ਨਾਲ ਹੀ ਵਾਪਰਿਆ। ਸਾਲ 1997 ਤੋਂ ਬਾਦਲ ਸਰਕਾਰ ਨੇ ਪੰਜਾਬ ਵਿਚ ਆਪਨਾ ਵਜੂਦ ਕਾਇਮ ਕੀਤਾ, ਉੇਹ ਵੀ ਭਾਰਤੀ ਜਨਤਾ ਪਾਰਟੀ ਦੇ ਸਹਿਯੋਗ ਨਾਲ ਕੀਤਾ। ਉਸ ਸਮੇਂ ਤੋਂ ਲੈਕੇ ਹੁਣ ਤੱਕ ਜੋ ਸਫਰ ਪੰਜਾਬ ਦਾ ਗੁਜ਼ਰਿਆ, ਉਸ ਦੌਰਾਨ ਪੰਜਾਬ ਨਸ਼ਿਆਂ ਦੀ ਮੰਡੀ, ਕਰਜ਼ੇ ਦਾ ਭੰਡਾਰ, ਕਿਸਾਨਾਂ ਦੀ ਖੁਦਖੁਸ਼ੀ, ਬੇਰੋਜਗਾਰੀ ਵਿੱਚ ਵਾਧਾ, ਮਹਿੰਗਾਈ, ਇੰਡਸਟਰੀ ਦਾ ਉਜਾੜਾ, ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੀ ਬੇਅਦਬੀ ਅਤੇ ਬਹਿਬਲ ਕਲਾਂ ਜਿਹੇ ਕਾਂਢ ਵਾਪਰੇ ਅਤੇ ਪੰਜਾਬ ਦੀ ਸੰਪੂਰਨ ਬਰਬਾਦੀ ਸਦਕਾ ਸਿੱਖ ਧਰਮ ਨਾਲ ਸੰਬੰਧਿਤ ਹਰ ਵਰਗ ਇੱਥੋਂ ਦਿਨ ਰਾਤ ਹਿਜਰਤ ਕਰ ਰਿਹਾ ਹੈ। ਜਦਕਿ ਪੰਜਾਬ ਦੇ ਉਜਾੜੇ ਅਤੇ ਗੁਰੂ ਪ੍ਰਤੀ ਵਿਤਕਰਿਆਂ ਨੂੰ ਸਮੁੱਚੀ ਪੰਜਾਬੀਅਤ ਨੇ ਤਾਂ ਖਿੜੇ ਮੱਥੇ ਕਬੂਲਿਆਂ ਹੈ ਅਤੇ ਉਹਨਾਂ ਨੇ ਕਾਂਗਰਸੀ ਅਤੇ ਅਕਾਲੀ ਦੋਵਾਂ ਨੂੰ ਹੀ ਰਾਜਨੀਤੀ ਤੋਂ ਲਾਂਭੇ ਕਰ ਦਿੱਤਾ ਹੈ। ਹਾਲਾਂ ਕਿ ਹੁਣ ਜਿਸ ਸਰਕਾਰ ਨੂੰ ਸੱਤ੍ਹਾ ਸੌਪੀ ਹੈ ਉਸ ਤੋਂ ਹਾਲੇ ਤੱਕ ਕੋਈ ਖਾਸ ਉਮੀਦਾਂ ਨਹੀਂ ਕੀਤੀਆਂ ਜਾ ਸਕਦੀਆਂ। ਪੰਜਾਬ ਦੀ ਧਰਤੀ ਤੇ ਜੰਮਨ ਵਾਲਾ ਹਰ ਸ਼ਖਸ਼ ਪੰਜਾਬੀ ਹੈ ਅਤੇ ਵੱਧੇਰੇ ਹਿਣਤੀ ਹਿੰਦੂਆਂ ਦੀ ਹੈ ਪਰ ਫਿਰ ਇਸ ਦੇ ਵਾਰਸ ਦੀ ਦਾਅਵੇਦਾਰੀ ਸਿੱਖ ਕੌਮ ਹੀ ਕਰ ਰਹੀ ਹੈ। ਜਦਕਿ ਅੱਜ ਤੱਕ ਪੰਜਾਬ ਵਿੱਚ ਜੋ ਵੀ ਉਜਾੜਾ ਹੋਇਆ ਹੈ ਉਹ ਸਿੱਖ ਰੂਪੀ ਹਸਤੀਆਂ ਦੀ ਰਹਿਨੁਮਾਈ ਵਿਚ ਹੀ ਹੋਇਆ ਹੈ। ਫਿਰ ਚਾਹੇ ਉਹ ਕਿਸੇ ਵੀ ਰਾਜਸੀ ਪਾਰਟੀ ਦਾ ਕਿਉੰ ਨਾ ਹੋਵੇ। ਹਾਲਾਂ ਕਿ ਜਨਤਾ ਨੇ ੳੇੁਹਨਾਂ ਨੂੰ ਵੋਟ ਨਾਲ ਤਾਂ ਸਜ਼ਾ ਦੇ ਕੇ ਸਬਕ ਸਿਖਾ ਦਿੱਤਾ ਹੈ। ਪਰ ਉਹ ਤਾਂ ਹਾਲੇ ਵੀ ਆਪਣੀਆਂ ਸ਼ਾਤਰ ਦਿਮਾਗੀ ਚਾਲਾਂ ਨਾਲ ਪੰਜਾਬ ਦੇ ਲੋਕਾਂ ਨੂੰ ਭਰਮਾਉਨ ਦੇ ਲਈ ਕੋਈ ਨਾ ਕੋਈ ਹਾਅ ਦਾ ਝੂਠਾ ਨਾਅਰਾ ਜਰੂਰ ਮਾਰ ਦਿੰਦੇ ਹਨ। ਲੋਕ ਵੀ ਵਿਸ਼ਵਾਸ਼ ਕਰ ਲੈਣਗੇ। ਲੋਕ ਜਾਗੁੱਕਤਾ ਦਿਮਾਗੀ ਤੌਰ ਤੇ ਘੱਟ ਅਤੇ ਮਨ ਦੇ ਤੌਰ ਤੇ ਜ਼ਮੀਰ ਜਾਗ ਚੁੱਕੀ ਹੈ।
ਪੰਜਾਬ ਦੀ ਜ਼ਮੀਨ ਅਤੇ ਜ਼ਮੀਰ ਨੂੰ ਦਾਅ ਤੇ ਲਗਾ ਕਿ ਜਿਸ ਤਰ੍ਹਾਂ ਪੰਜਾਬ ਦੇ ਸਿੱਖ ਲੀਡਰਾਂ ਨੂੰ ਹਾਰ ਦਾ ਮੂੰਹ ਵੇਖਣਾ ਪੈ ਰਿਹਾ ਹੈ। ਅੱਜ ਉਸ ਤੋਂ ਸਬਕ ਲੈਂਦਿਆਂ ਹੁਣ ਪੰਜਾਬ ਦੀ ਧਰਤੀ ਤੇ ਜੰਮਣ ਵਾਲਾ ਹਰ ਪੰਜਾਬੀ ਜੋ ਕਿ ਇਥੋਂ ਦੇ ਵੋਟਰ ਕਾਰਡ ਬਣਾ ਕੇ ਆਪਣਾ ਆਪ ਪੰਜਾਬ ਲੀਡਰਸ਼ਿਪ ਦੀ ਅਧੀਨਗੀ ਵਿਚ ਅਗਰ ਸੁਰਖਿਅੱਤ ਸਮਝ ਰਿਹਾ ਹੈ, ਇਹ ਉਸ ਦਾ ਭਰਮ ਹੈ। ਹੁਣ ਜਦੋਂ ਪੰਜਾਬ ਦੀ ਸਿਆਸੀ ਖਹਿਬਾਜ਼ੀ ਪੰਜਾਬ ਨੂੰ ਫਿਰ ਇੱਕ ਵਾਰ ਉਸ ਅੱਗ ਦੀ ਭੱਠੀ ਵਿਚ ਝੌਂਕਣਾ ਚਾਹੁੰਦੀ ਹੈ, ਜਿਸ ਦੇ ਚਾਲੀ ਸਾਲ ਪਹਿਲਾਂ ਬਲੇ ਭਾਂਬੜਾ ਨੇ ਹਰ ਚੀਜ ਨੂੰ ਸਾੜ ਕੇ ਸੁਆਹ ਕਰ ਦਿੱਤਾ ਸੀ। ਜਿਸ ਸੁਆਹ ਦੇ ਧੁੰਧੂਕਾਰੇ ਵਿਚੋਂ ਨਿਕਲਣ ਲਈ ਬਹੁਤ ਸਾਰੇ ਸਿਆਸੀ ਅਤੇ ਗੈਰ ਸਿਆਸੀ ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ ਸੀ। ਹੁਣ ਜਦੌਂ ਇੱਕ ਵਾਰ ਫੇਰ ਪੰਜਾਬ ਦੀ ਧਰਤੀ ਤੇ ਉਸੇ ਹੀ ਲਹਿਰ ਦੀ ਸਥਾਪਤੀ ਦਾ ਸ਼ਰੇਆਮ ਬਿਗਲ ਵੱਜਣ ਲੱਗ ਪਿਆ ਹੈ। ਪੰਜਾਬ ਦੀ ਧਰਤੀ ਤੇ ਰਹਿਣ ਵਾਲੇ ਹਰ ਸ਼ਖਸ਼ ਨੂੰ ਜਾਗਣਾ ਪਵੇਗਾ, ਚਾਹੇ ਉਹ ਹਿੰਦੂ ਹੈ ਜਾਂ ਫਿਰ ਸਿੱਖ ਜਾਂ ਕਿਸੇ ਵੀ ਧਰਮ ਦੇ ਨਾਲ ਸੰਬੰਧ ਰੱਖਦਾ ਹੈ। ਪੰਜਾਬ ਵਿਚੋਂ ਖਤਮ ਹੋ ਚੁੱਕੀ ਸਿਆਸੀ ਨਿਪੁੰਸਕਤਾ, ਜਿਸ ਕੋਲੋਂ ਹੁਣ ਆਪ ਤਾਂ ਕੁੱਝ ਹੁੰਦਾ ਨਹੀਂ। ਜੋ ਹੁਣ ਸੁਧਾਰ ਕਰਨ ਲਈ ਜਨਤਾ ਨੇ ਪੰਜ ਸਾਲ ਵਾਸਤੇ ਪੰਜਾਬ ਦੀ ਸੱਤ੍ਹਾ ਤੇ ਬਿਠਾਏ ਹਨ। ਉਹਨਾਂ ਵਲੋਂ ਲੋਕਾਂ ਨੂੰ ਇੱਕ ਤਰ੍ਹਾਂ ਨਾਲ ਬਦਨਾਮ ਕਰਨ ਦੇ ਲਈ ਜੋ ਕਵਾਦਿੲਾਂ ਸ਼ੁਰੂ ਕੀਤੀਆਂ ਉਹ ਪੰਜਾਬ ਲਈ ਠੀਕ ਨਹੀਂ ਹਨ। ਇੱਕ ਵਾਰ ਫਿਰ ਖਾਲਿਸਤਾਨ ਦੇ ਨਾਅਰੇ ਸ਼ਰੇਆਮ ਲਗ ਰਹੇ ਹਨ। ਪੰਜਾਬ ਵਿੱਚ ਹੁਣ ਨਵੀਂ ਲਹਿਰ ਨੂੰ ਵੀ ਕਿਤੇ ਪਹਿਲਾਂ ਵਾਂਗੁੰ ਸਰਕਾਰਾਂ ਦੀ ਸ਼ਹਿ ਤਾਂ ਪ੍ਰਾਪਤ ਨਹੀਂ ਹੈ। ਹੁਣ ਇਸ ਮੌਕੇ ਨਵੇਂ ਜਨਮੇ ਸ਼ੰਘਰਸ਼ਕ ਯੋਧਿਆਂ ਨੂੰ ਵੀ ਸਮਝ ਲੈਣਾ ਚਾਹੀਦਾ ਹੈ ਕਿ ਉਹ ਹੁਣ ਸਿੱਖ ਨੌਜੁਆਨਾਂ ਨੂੰ ਜਿਸ ਸ਼ਹੀਦੀ ਜਾਮ ਪੀਣ ਦੀ ਸਲਾਹ ਦੇ ਰਹੇ ਹਨ, ਇਹ ਉਸੇ ਹੀ ਪੁਰਾਣੇ ਘੜੇ ਵਿਚੋਂ ਨਿਕਲੀ ਹੈ। ਜਿਸ ਜਹਿਰ ਨੂੰ ਪੀ ਕੇ ਪੰਜਾਬ ਦਾ 40 ਹਜ਼ਾਰ ਨੌਜੁਆਨ ਸਿਵਿਆਂ ਨੂੰ ਰੁੱਖ ਕਰ ਚੁੱਕਿਆ ਹੈ। ਅੱਜ ਉਹ ਯੌਧੇ ਕੌਮ ਵਿਚਲੇ ਅਸਲੀ ਆਸਤੀਨ ਦੇ ਸੱਪਾਂ ਦੀ ਕਾਰਗੁਜ਼ਾਰੀਆਂ ਨੂੰ ਤਾਂ ਪਹਿਚਾਨਦੇ ਨਹੀਂ ਕਿ ਉਹਨਾਂ ਪੰਥ ਅਤੇ ਪੰਂਜਾਬ ਨੂੰ ਇੱਕ ਗਿਣੀ ਮਿੱਥੀ ਸਾਜ਼ਿਸ਼ ਦੀ ਤਹਿਤ ਬਰਬਾਦ ਕੀਤਾ ਹੈ। ਪੰਜਾਬ ਦੇ ਨੌਜੁਆਨ ਨਾ ਹੀ ਇਸ ਗੱਲ ਦੀ ਖੋਜ ਕਰ ਰਹੇ ਹਨ ਅਤੇ ਨਾ ਹੀ ਉਹਨਾਂ ਸਿੱਖਾਂ ਨੂੰ ਕੋਈ ਸਵਾਲ ਕਰ ਰਹੇ ਹਨ ਜਿੰਨ੍ਹਾਂ ਨੇ ਕੇਂਦਰ ਦੀਆਂ ਲੋਰੀਆਂ ਨੂੰ ਕਬੂਲਿਆ ਹੈ। ਜਿਨ੍ਹਾਂ ਨੇ ਵੀਹਵੀਂ ਸਦੀ ਦੇ ਸਿੱਖ ਸੰਘਰਸ਼ ਵਿੱਚ ਕੁਰਬਾਨੀਆਂ ਦੇਣ ਵਾਲਿਆਂ ਯੋਧਿਆਂ ਦੇ ਨਾਂ ਨੂੰ ਕੈਸ਼ ਕਰਦਿਆਂ, ਉੇਹਨਾਂ ਦੀ ਇੱਜਤ ਆਬਰੂ ਨੂੰ ਅਪਨਾ ਕਿ ਸ਼ਹੀਦਾਂ ਦੇ ਨਾਂ ਤੇ ਕਿਵੇਂ ਅੱਜ ਤੱਕ ਐਸ਼ਾਂ ਕੀਤੀਆਂ ਹਨ। ਜਦੋਂ ਹੁਣ ਉਸ ਸੰਘਰਸ਼ ਦਾ ਨਾਂ ਤਾਂ ਇਤਿਹਾਸ ਕਾਇਮ ਰਿਹਾ ਤੇ ਨਾ ਮਿਥਿਹਾਸ ਤਾਂ ਫਿਰ ਉਹ ਚੰਦ ਲੋਕ ਆਪਣੀਆਂ ਦੁਕਾਨਦਾਰੀਆਂ ਨੂੰ ਚਲਾਉਣ ਦੇ ਲਈ ਤੱਤਪਰ ਹਨ। ਉਹਨਾਂ ਨੇ ਖੁੰਡੇ ਹੋ ਗਏ ਹਥਿਆਰ ਨੂੰ ਧਾਰਮਿਕ ਵਿਚਾਰਾਂ ਦੀ ਸਾਨ੍ਹ ਤੇ ਤਿੱਖੀਆਂ ਕਰਨਾ ਸ਼ੁਰੂ ਕਰ ਦਿੱਤਾ ਹੈ। ਜਿਸ ਦੇ ਤਹਿਤ ਉਹ ਮੁੜ ਤੋਂ ਜ਼ਜ਼ਬਾਤਾਂ ਨੂੰ ਛਿੱਲ ਸਕਣ ਅਤੇ ਸੁੱਕ ਚੁੱਕੇ ਜ਼ਖਮਾਂ ਨੂੰ ਕੁਰੇਦ ਸਕਣ ਜੋ ਕਿ ਚਾਲੀ ਸਾਲ ਪਹਿਲਾਂ ਦੇ ਸਮੇਂ ਨੇ ਦਿੱਤੇ ਸਨ।
ਆਓ ! ਪੰਜਾਬੀਓ ਰਾਜਸੀ ਸ਼ਕਤੀਆਂ ਵਿਚੋਂ ਫਿਰ ਤੋਂ ਉੱਭਰ ਰਹੇ ਉਹਨਾਂ ਕਿੱਲਾਂ ਤੇ ਕਾਂਟਿਆਂ ਨੂੰ ਪੈਦਾ ਨਾ ਹੋਣ ਦੇਈਏ ਜੋ ਕਿ ਸਾਡੀ ਜਿੰਦਗੀ ਨੂੰ ਚੈਨ ਨਾਲ ਨਹੀਂ ਜੀਊਣ ਦੇਣਗੀਆਂ। ਅੱਜ ਪੰਜਾਬ ਦੇ ਅਖੌਤੀ ਪੰਥਕ ਦੁਸ਼ਮਨਾਂ ਨੂੰ ਤਾਂ ਇਹ ਸੁਧਾਰ ਨਹੀਂ ਸਕਦੇ। ਮਨ ਤਾਂ ਉੇਹਨਾਂ ਦਾ ਕਲਪ ਰਿਹਾ ਹੈ ਜਿੰਨਾਂ ਮਾਵਾਂ ਦੇ ਪੁੱਤ ਤਾਂ ਮਰ ਗਏ, ਪਰ ਬਣਿਆ ਕੁਝ ਵੀ ਨਹੀਂ। ਜੇਕਰ ਸੰਘਰਸ਼ ਵਿਚੋਂ ਬਚਨ ਵਾਲੇ ਯੌਧੇ ਉਹਨਾਂ ਪ੍ਰਤੀ ਹਾਅ ਦਾ ਨਾਅਰਾ ਵੀ ਮਾਰ ਦਿੰਦੇ ਤਾਂ ਫਿਰ ਵੀ ਇਤਿਹਾਸ ਦੇ ਪੀਨਆ ਤੇ ਕੁਝ ਚੰਗਾ ਹੋਣ ਦੇ ਆਸਾਰਾਂ ਸੰਬੰਧੀ ਉੱਕਰ ਜਾਣਾ ਸੀ। ਪਰ ਹੁਣ ਤਾਂ ਹਾਲਾਤਾਂ ਦੀ ਸਿਆਹੀ ਕੁਝ ਲਿਖਣ ਦੀ ਬਜਾਏ ਸੁੱਕ ਚੁਕੀ ਸੀ ਉਸ ਵਿਚ ਹੁਣ ਇੱਕ ਵਾਰ ਫਿਰ ਖੂਨ ਪਾਕੇ ਉਸ ਨੂੰ ਕੁਝ ਲਿਖਣ ਯੋਗ ਤਾਂ ਕਰਨ ਵਿਚ ਲੱਗ ਗਏ ਹਨ। ਪਰ ਉਹਨਾਂ ਨੂੰ ਪਹਿਲਾਂ ਉਹਨਾਂ ਦੀ ਜੀਵਨ ਸ਼ੈਲੀ ਨੂੰ ਵਾਚ ਲੈਣਾ ਚਾਹੀਦਾ ਹੈ ਜੋ ਅੱਜ ਸਟੇਜ ਤੇ ਨਵੇਂ ਸੰਘਰਸ਼ ਪ੍ਰਤੀ ਹੌਕਾ ਦੇ ਰਹੇ ਹਨ। ਅੱਜ ਪੰਜਾਬੀਓ ਆਪਣਾ ਆਪ ਪਹਿਚਾਨੋ ਤੁਹਾਡੇ ਵਿਚੋਂ ਹੀ ਅੱਜ ਤੱਕ ਤੁਹਾਡੀਆਂ ਜੜ੍ਹਾਂ ਨੂੰ ਪਾਣੀ ਦਿੰਦੇ ਆਏ ਹਨ। ਇਸ ਬੂਟੇ ਦੇ ਵੱਡੇ ਹੋਣ ਤੇ ਇਹਨਾਂ ਨੂੰ ਵੱਢੀਏ ਤੇ ਗੈਰਾਂ ਦੀ ਮੰਡੀ ਵਿੱਚ ਸੁਟੀਏ ਤਾਂ ਜੋ ਦੇਸ਼ ਧਰੋਹ ਤੋਂ ਉੱਤੇ ਦਾ ਖਿਤਾਬ ਔਲਾਦ ਧਰੋਹੀ ਦਾ ਇੱਕ ਵਾਰ ਫਿਰ ਇਹਨਾਂ ਵੱਲੋਂ ਪ੍ਰਾਪਤ ਕੀਤਾ ਜਾ ਸਕੇ।




