
ਸਦੀਆਂ ਤੋਂ ਚਲ ਰਹੀ ਘੱਟ ਗਿਣਤੀਆਂ ਤੇ ਬਹੁ-ਗਿਣਤੀਆਂ ਦੀ ਸਾਜਿਸ਼ ਕਦੋਂ ਖਤਮ ਹੋਵੇਂਗੀ ?
- Punjab Click Blog
- October 2, 2022
- No Comment
- 62
ਕਦੋਂ ਤੱਕ ਧਰਮ, ਖਿੱਤੇ ਅਤੇ ਭਾਸ਼ਾ ਅਧਾਰਿਤ ਸਾਜਿਸ਼ਾ ਜਨਮਦੀਆਂ ਰਹਿਣਗੀਆਂ ?
ਸਦੀਆਂ ਤੋਂ ਚਲੀ ਆ ਰਹੀ ਲੜਾਈ ਦੀ ਵਜ੍ਹਾ ਦਾ ਮੁੱਖ ਕਾਰਨ ਹੈ, ਘੱਟ-ਗਿਣਤੀਆਂ ਅਤੇ ਬਹੁ-ਗਿਣਤੀਆਂ ਦਾ ਫਰਕ ਅਤੇ ਆਪਣੀ ਈਨ-ਮਨਾਉਣ ਦਾ ਰੁਝਾਨ। ਜੋ ਕਿ ਕਈ ਪੀੜ੍ਹੀਆਂ ਤੋਂ ਕਾਇਮ ਹੈ। ਜਿਸ ਦੇ ਵਿਚੋਂ ਹੀ ਜਾਤ-ਪਾਤ, ਊੱਚ-ਨੀਚ ਅਤੇ ਨਸਲੀ ਵਿਤਕਰੇ ਨੇ ਅਜਿਹਾ ਜਨਮ ਲਿਆ ਹੈ। ਜਿਸ ਦੀ ਤਹਿਤ ਹੁਣ ਮੁੱਨਖਤਾ ਕਿਹੜੇ ਪਾਸੇ ਤੁਰ ਰਹੀ ਹੈ, ਇਸ ਦਾ ਤਾਂ ਪਤਾ ਹੀ ਨਹੀਂ ਲੱਗ ਰਿਹਾ। ਜੋ ਵਿਸ਼ਵ-ਵਿਆਪੀ ਧਰਮ ਅਧਾਰਿਤ ਜੰਗ ਚਲ ਰਹੀ ਹੈ, ਉਹ ਨਿੱਤ ਜਾਨਾਂ ਤਾਂ ਲੈ ਹੀ ਰਹੀ ਹੈ। ਪਰ ਇਹ ਜਿਸ ਤਰੀਕੇ ਨਾਲ ਮੁੱਨਖਤਾ ਵਿਚ ਵਧੀ ਹੈ, ਉਸ ਨੇ ਨਸਲੀ, ਖਿੱਤਾ ਅਤੇ ਭਾਸ਼ਾ ਵਰਗੇ ਖੇਤਰਾਂ ਤੋਂ ਉੱਤੇ ਉੱਠਦਿਆਂ ਕਈ ਅਜਿਹੇ ਤੌਰ-ਤਰੀਕਿਆਂ ਨੂੰ ਜਨਮ ਦਿੱਤਾ ਹੈ। ਜਿਸ ਨਾਲ ਇਹ ਹੁਣ ਇਨਸਾਨ ਦੇ ਖਾਣ-ਪੀਣ ਤੋਂ ਲੈ ਕੇ ਪਹਿਨਣ-ਬੋਲਨ ਤੇ ਵੀ ਅੜੀਅਲ ਰਵੱਈਆ ਕੁਝ ਇਸ ਕਦਰ ਅਪਨਾ ਰਿਹਾ ਹੈ ਕਿ ਜਿਸ ਨਾਲ ਨਿੱਤ ਦਿਨ ਬਾਰੂਦ ਦੇ ਢੇਰਾਂ ਤੇ ਇਨਸਾਨੀਅਤ ਦਾ ਸਫਰ ਹੋ ਰਿਹਾ ਹੈ । ਜੇਕਰ ਵਿਸ਼ਵ-ਵਿਆਪੀ ਸਰਵੇ ਕੀਤਾ ਜਾਵੇ ਤਾਂ ਪਤਾ ਲੱਗਦਾ ਹੈ ਕਿ ਦੁਨੀਆਂ ਦਾ ਕਿੰਨਾ ਪੈਸਾ ਨਿੱਤ ਦਿਨ ਇਹਨਾਂ ਗੱਲਾਂ ਵੱਲ ਖਰਚ ਹੋ ਰਿਹਾ ਹੈ। ਸੰਸਾਰ ਪੱਧਰ ਤੇ ਜੋ ਸੁਪਰ ਪਾਵਰਾਂ ਹਥਿਆਰ ਵੇਚ ਕੇ ਆਪਨਾ ਮੁਨਾਫਾ ਕਮਾ ਰਹੀਆਂ ਹਨ, ਉਹ ਮਨੁੱਖੀ ਹੋਂਦ ਦੇ ਖਤਰਿਆਂ ਨੂੰ ਲੈੇ ਕੇ ਹੋ ਰਿਹਾ ਹੈ। ਅੱਜ ਕਿਸੇ ਵੀ ਦੇਸ਼ ਦਾ ਬਜਟ ਉਸ ਦੇ ਲੋਕਾਂ ਨੂੰ ਦਿੱਤੀ ਜਾ ਰਹੀ ਖੈਰਾਤ ਜਾਂ ਫਿਰ ਆਮ ਜਿੰਦਗੀ ਦੀਆਂ ਲੋੜਾਂ ਪ੍ਰਤੀ ਤਾਂ ਬਾਰ-ਬਾਰ ਜਾਰੀ ਕਰਦਾ ਰਹਿੰਦਾ ਹੈ। ਉਹ ਕਦੀ ਵੀ ਉਸ ਬਜਟ ਨੂੰ ਜਾਰੀ ਨਹੀਂ ਕਰਦਾ ਜੋ ਕਿ ਅੰਦਰੂਨੀ ਅਤੇ ਬਾਹਰੀ ਸੁਰੱਖਿਆ ਨੂੰ ਲੈਕੇ ਖਰਚ ਹੋ ਰਿਹਾ ਹੈ। ਜਦਕਿ ਹਰ ਦੇਸ਼ ਨੇ ਜਿੱਥੇ ਬਾਰਡਰਾਂ ਤੇ ਖੜ੍ਹੀ ਫੌਜ ਦੇ ਖਰਚਿਆਂ ਨੂੰ ਸਹਿਨ ਕਰਨਾ ਹੁੰਦਾ ਹੈ, ਉਥੇ ਹੀ ਹਰ ਇੱਕ ਦੀਆਂ ਬਨਾਈਆਂ ਏਜੰਸੀਆਂ ਨੇ ਦੂਜੇ ਮੁਲਕਾਂ ਵਿਚ ਦਖਲ-ਅੰਦਾਜੀ ਕਰਨ ਤੇ ਕਰੋੜਾਂ ਰੁਪਏ ਖਰਚ ਕਰਨੇ ਹੁੰਦੇ ਹਨ। ਜਿਸ ਦੀ ਤਹਿਤ ਜਾਸੂਸਾਂ ਤੇ ਏਜੰਟਾਂ ਦੇ ਕਿੱਸੇ ਵੱਡੇ ਪੱਧਰ ਤੇ ਰੋਜਾਨਾ ਸੁਨਣ ਨੂੰ ਮਿਲਦੇ ਹਨ।
ਇਹ ਜੰਗ ਬਾਰਡਰਾਂ ਤੇ ਲੜੀ ਜਾਨ ਨਾਲੋਂ ਅੰਦਰੂਨੀ ਤੌਰ ਤੇ ਇੰਨੀ ਕੁ ਖਤਰਨਾਕ ਸਿੱਧ ਹੋ ਰਹੀ ਹੈ। ਜਿਸ ਰਾਹੀਂ ਅੱਜ ਭਾਰਤ ਦੀ ਧਰਤੀ ਤੇ ਨਿੱਤ ਖੂਨ ਤਾਂ ਡੁਲ੍ਹ ਹੀ ਰਿਹਾ ਹੈ, ਇਸ ਦੇ ਨਾਲ ਹੀ ਫਾਲਤੂ ਸੁਰੱਖਿਆ ਖਰਚਿਆਂ ਦੀ ਤਹਿਤ ਵੱਡੇ ਪੱਧਰ ਤੇ ਜੋ ਮਹਿੰਗਾਈ ਵੱਧ ਰਹੀ ਹੈ। ਇਸ ਨਾਲ ਗਰੀਬ ਲੋਕਾਂ ਦਾ ਖੂਨ ਨੁਚੜ ਰਿਹਾ ਹੈ। ਜਦਕਿ ਕਿੰਨਾ ਹੈਰਾਨੀਜਨਕ ਤੱਥ ਹੈ ਕਿ ਦੇਸ਼ ਦੀਆਂ ਸਾਰੀਆਂ ਰਾਜਸੀ ਪਾਰਟੀਆਂ ਕੁੱਛ ਇਸ ਕਦਰ ਵਿਚਰ ਰਹੀਆਂ ਹਨ ਕਿ ਉਹ ਇੱਕ ਦੂਜੇ ਤੇ ਦੇਸ਼ ਨੂੰ ਨਾ ਸੰਭਾਲ ਸਕਣ ਦੀਆਂ ਦੂਸ਼ਨਬਾਜੀਆਂ ਤਾਂ ਲਗਾ ਰਹੀਆਂ ਹਨ। ਜਦਕਿ ਦੇਖਿਆ ਜਾਵੇ ਤਾਂ ਮੌਕਾ ਸਭ ਨੂੰ ਮਿਲ ਚੁੱਕਿਆ ਹੈ। ਰਾਜਸੀ ਪਾਰਟੀਆਂ ਦੇ ਨੇਤਾ ਜਦੋਂ ਸੱਤ੍ਹਾ ਤੋਂ ਬਾਹਰ ਹੁੰਦੇ ਹਨ ਤਾਂ ਇਹ ਹੀ ਹੰਕਾਰ ਹੁੰਦਾ ਹੈ ਕਿ ਮੈਂ ਹੋਵਾਂ ਤਾਂ ਸਭ ਕੁੱਛ ਠੀਕ ਠਾਕ ਹੋਵੇਗਾ। ਜਦੋਂ ਉਹ ਸੱਤ੍ਹਾ ਤੇ ਬਿਰਾਜਮਾਨ ਹੁੰਦੇ ਹਨ ਤਾਂ ਉਹ ਕਹਿੰਦੇ ਹਨ ਕਿ ਸਭ ਕੁੱਛ ਠੀਕ ਠਾਕ ਹੋ ਰਿਹਾ ਹੈ। ਇਸ ਆਪਸੀ ਰਾਜਸੀ ਦੂਸ਼ਨਬਾਜੀ ਨੇ ਜਿੱਥੇ ਅੱਜ ਤੱਕ ਦੇ ਸਿਸਟਮ ਨੂੰ ਵਿਗਾੜਿਆ ਹੈ। ਉਥੇ ਹੀ ਉਸ ਨੇ ਕੁੱਛ ਅਜਿਹੇ ਪਾੜੇ ਵਧਾਏ ਹਨ ਕਿ ਜਿਸ ਦੀ ਤਹਿਤ ਮਨੁੱਖਤਾ ਇਸ ਕਦਰ ਪ੍ਰਭਾਵਿਤ ਕਰ ਦਿੱਤੀ ਗਈ ਹੈ ਕਿ ਉਹ ਧਰਮ ਦੀ ਖਾਤਿਰ ਤਾਂ ਇੱਕ ਦੂਜੇ ਦੀ ਜਾਨ ਲੈਣ ਨੂੰ ਵੀ ਪਿਆਸੀ ਹੈ। ਰਾਜਨੀਤਿਕਾਂ ਵੱਲੋਂ ਲਿਆਂਦੀਆਂ ਭੁੱਖੇ ਮਰਨ ਦੀਆਂ ਨੋਬਤਾਂ ਨੂੰ ਨਾ ਸਮਝਦੇ ਹੋਏੇ ਫਿਰ ਵੀ ਉਹਨਾਂ ਦੀਆਂ ਝੋਲ਼ੀਆਂ ਚੁੱਕ ਰਹੀ ਹੈ। ਹੁਣ ਜਦੋਂ ਅੱਜ ਦੇਸ਼ ਇਹਨਾਂ ਸਾਰਿਆਂ ਤੋਂ ਉਤੇ ਦੀ ਲੜਾਈ ਇਹ ਲੜ ਰਿਹਾ ਹੈ ਕਿ ਹੁਣ ਹਿਜਾਬ ਦਾ ਮਸਲਾ ਖੜ੍ਹਾ ਕਰ ਦਿੱਤਾ ਗਿਆ ਹੈ। ਇਸ ਨੇ ਇਨਸਾਨੀ ਜਿੰਦਗੀ ਤੇ ਸਵਾਲੀਆ ਨਿਸ਼ਾਨ ਲਗ ਗਿਆ ਹੈ, ਜੋ ਕਿ ਸ਼ਰੇਆਮ ਇੱਕ ਫਾਲਤੂ ਦਾ ਮਸਲਾ ਹੈ। ਜਿਸ ਦੀ ਤਹਿਤ ਇਰਾਨ ਵਿਚ ਹਿਜਾਬ ਨਾਲ ਨਾ ਪਹਿਨਣ ਨੂੰ ਲੈ ਕੇ ਕਈ ਜਾਨਾਂ ਚਲੀਆਂ ਗਈਆਂ ਹਨ ਅਤੇ ਇਥੇ ਪਹਿਨਣ ਨੂੰ ਲੈਕੇ ਲੜਾਈਆਂ ਹੋ ਰਹੀਆਂ ਹਨ। ਭਾਰਤ ਦਾ ਹਿੰਦੂਤਵ ਪਰੰਪਰਾਗਤ ਸ਼ਰਮੋ-ਹਯਾ ਦਾ ਫੈਸ਼ਨ ਜੋ ਕਿ ਸਿਰ ਢੱਕਣ (ਘੂੰਘਟ ਕੱਢਣ) ਦਾ ਹੈ, ਲੇਕਿਨ ਅੱਜ ਦੇ ਹਾਲਤ ਨੂੰ ਦੇਖਿਆ ਜਾਵੇ ਹੁਣ ਧੀਆਂ ਭੈਣਾਂ ਦੇ ਸਿਰਾਂ ਤੋਂ ਚੁੰਨੀ ਵੀ ਗਾਇਬ ਹੋਣ ਲੱਗ ਪਈ ਹਨ। ਪਰ ਇਸ ਤੇ ਕੋਈ ਰੋਕ-ਟੋਕ ਨਹੀਂ ਹੋਈ ਤੇ ਅੱਜ ਪੱਛਮੀ ਤਰਜ਼ ਤੇ ਨੀਕਰਾਂ ਵੀ ਮਹਿਲਾਵਾਂ ਦਾ ਫੈਸ਼ਨ ਬਣ ਗਿਆ ਹੈ।
ਧਰਮ ਦੀ ਤਹਿਤ ਕਦੀ ਤਾਂ ਗਊਆਂ ਦੇ ਸਿਰ ਵੱਢੇ ਜਾ ਰਹੇ ਹਨ ਅਤੇ ਕਦੀ ਇਨਸਾਨੀ ਖੂਨ ਵਹਾਉਣ ਦੇ ਲਈ ਧਾਰਮਿਕ ਅਸਥਾਨਾਂ ਤੱਕ ਨੂੰ ਨਹੀਂ ਬਖਸ਼ਿਆ ਜਾ ਰਿਹਾ ਹੈ। ਇਨਸਾਨੀ ਕੁੱਛ ਸੂਝਵਾਨਤਾ ਦੀ ਗੱਲ ਕਰੀਏ ਤਾਂ ਅੱਜ ਦੇਖਿਆ ਜਾਵੇ ਤਾਂ ਕਿਸੇ ਵੀ ਇਨਸਾਨ ਦਾ ਆਪਣਾ ਦਿਮਾਗ ਕੰਮ ਨਹੀਂ ਕਰ ਰਿਹਾ, ਉਸ ਦਾ ਕਿਰਦਾਰ ਤਾਂ ਸਰਕਸ ਦੇ ਸ਼ੇਰ ਤੋਂ ਵੀ ਕਿਤੇ ਨੀਵੇਂ ਪੱਧਰ ਤੇ ਡਿੱਗ ਗਿਆ ਹੈ। ਉਹ ਚਾਬੁਕ ਦੇ ਡਰ ਤੋਂ ਉਹ ਸਭ ਕੁੱਛ ਤਾਂ ਕਰਦਾ ਹੈ ਜੋ ਕਿ ਉਸ ਨੂੰ ਉਸ ਦਾ ਮਾਸਟਰ ਕਹਿੰਦਾ ਹੈ। ਪਰ ਮਨੁੱਖ ਤਾਂ ਚਾਬੁਕ ਖਾ ਕੇ ਅਤੇ ਜਾਨਾਂ ਗਵਾ ਕੇ ਵੀ ਨਹੀਂ ਸਿੱਖ ਰਿਹਾ ਕਿ ਇਹ ਨਹੀਂ ਕਰਨਾ ਅਤੇ ਉਸ ਕੰਮ ਤੋਂ ਵਰਜਿਤ ਹੋਣਾ ਹੈ, ਜਿਸ ਨਾਲ ਤਸੀਹੇ ਮਿਲਦੇ ਹਨ। ਅੱਜ ਕਿੰਨਾ ਹੈਰਾਨੀਜਨਕ ਸਿਖਿਆ ਤੰਤਰ ਇਹ ਹੈ ਕਿ ਧਰਮਾਂ ਦੀ ਸਿਖਿਆ ਕੁਝ ਇਸ ਕਦਰ ਦਿੱਤੀ ਜਾ ਰਹੀ ਹੈ ਕਿ “ਸਰ ਤਨ ਸੇ ਜੁਦਾ” ਅਤੇ ਦੂਜੇ ਇਹ ਕਿ ਆਪਣਾ ਸਿਰ ਗੂਰੁ ਦੇ ਚਰਨਾਂ ਵਿਚ ਭੇਂਟ ਕਰ ਦਿਓ। ਧਰਮ ਦੀ ਖਾਤਿਰ ਕੁਰਬਾਨ ਹੋ ਜਾਓ ਦੇ ਨਾਹਰੇ ਗੂੰਝ ਰਹੇ ਹਨ।
ਧਰਮ ਦੀ ਹੋਂਦ ਤੇ ਧਰਮ ਪਰਿਵਰਤਨ ਦੀ ਧਾਰਨਾ ਨੇ ਨਵਾਂ ਬਖੇੜਾ ਸ਼ੁਰੂ ਕਰ ਦਿੱਤਾ ਹੈ ਕਿ ਇਨਸਾਨੀਅਤ ਲਾਲਚ ਦੀ ਤਹਿਤ ਆਪਣਾ ਧਰਮ ਬਦਲ ਰਹੀ ਹੈ, ਇਮਾਨ ਵੇਚ ਰਹੀ ਹੈ। ਧਾਰਮਿਕ ਚੋਲਾ ਪਹਿਨਣ ਵਾਲੇ ਅਤੇ ਲੋਕਾਂ ਦੀ ਅਗਵਾਈ ਕਰਨ ਵਾਲੇ ਧੀ ਦੀ ਉਮਰ ਦੀਆਂ ਲੜਕੀਆਂ ਨਾਲ ਵਿਆਹ ਕਰਵਾ ਰਹੇ ਹਨ। ਅਤੇ ਕਈ ਡੇਰਿਆਂ ਦੇ ਮੁੱਖੀ ਬਲਾਤਕਾਰ ਜਿਹੇ ਕਾਰਿਆਂ ਕਾਰਨ ਸਲਾਖਾਂ ਪਿੱਛੇ ਹਨ, ਪਰ ਫਿਰ ਵੀ ਲੋਕਾਂ ਦੀਆਂ ਅੱਖਾਂ ਤੇ ਧਰਮ ਦੀ ਪੱਟੀ ਬੰਨ੍ਹੀ ਹੋਈ ਹੈ। ਸਮਝ ਨਹੀਂ ਆ ਰਹੀ ਕਿ ਇਨਸਾਨੀ ਸੂਝਵਾਨਤਾ ਨੇ ਕਿੰਨਾ ਕੁ ਆਪਣਾ ਨੁਕਸਾਨ ਕਰਵਾਉਣਾ ਹੈ ਅਤੇ ਉਹ ਕੱਦ ਤੱਕ ਇਹ ਕਬੂਲਦੀ ਰਹੇਗੀ ਕਿ ਧਰਮ ਦੀ ਖਾਤਿਰ ਜਾਨ ਵਾਰਨੀ ਹੈ। ਧਰਮ ਗ੍ਰੰਥਾਂ ਦੀ ਵਕਤੀ ਪੰ੍ਰਪਰਾਵਾਂ ਪ੍ਰਤੀ ਨਾ ਸਮਝੀ ਅਤੇ ਪ੍ਰਚਾਰਕਾਂ ਦੀ ਆਪਨੀ ਸਮੀਖਿਆ ਦੇ ਅਲਾਵਾ ਆਗੂਆਂ ਦਾ ਭੜਕਾਊੋੋਪੁਣਾ ਇਨਸਾਨੀ ਹੋੰਦ ਨੂੰ ਹਮੇਸ਼ਾਂ ਹੀ ਕੁਰਾਹੇ ਪਾਉਂਦਾ ਰਹੇਗਾ। ਇਨਸਾਨੀਅਤ ਦੀ ਅਕਲ ਦਾ ਪਰਦਾ ਕੌਣ ਚੁੱਕੇਗਾ ? ਗਲਤ ਵਿਚਾਰਧਾਰਾ ਦਾ ਰੁਝਾਨ ਜਦੋਂ ਸਟੇਜਾਂ ਤੋਂ ਨਫਰਤੀ ਭਾਸ਼ਨ ਦੇ ਰਿਹਾ ਹੈ ਤਾਂ ਉਸ ਸਮੇਂ ਉਹਨਾਂ ਸ਼ਰਧਾਲੂਆਂ ਦਾ ਹੱਥ ਖੜ੍ਹੇ-ਕਰਕੇ ਕੀਤੀ ਜਾਂਦੀ ਹਮਾਇਤ ਪ੍ਰਤੀ ਸਿਫਤ ਕਰੀਏ ਜਾਂ ਅਫਸੋਸ।
ਦੇਸ਼ ਦੀ ਅਜਾਦੀ ਤੋਂ ਲੈਕੇ ਹੁਣ ਤੱਕ ਭਾਰਤ ਤਾਂ ਕੀ ਪੂਰੇ ਵਿਸ਼ਵ ਦੀਆਂ ਸਰਕਾਰਾਂ ਕੋਲੋਂ ਇੱਕ ਪਾਕਿਸਤਾਨ ਦਾ ਮਸਲਾ ਹੀ ਹੱਲ ਨਹੀਂ ਹੋਇਆ। ਜਦਕਿ ਪਾਕਿਸਤਾਨ-ਭਾਰਤ ਦਾ ਪਾੜਾ ਤਾਂ ਅੰਗਰੇਜ਼ ਵੱਖ ਦੇਸ਼ ਬਨਾ ਕੇ ਖਤਮ ਕਰ ਹੀ ਗਏ ਸਨ। ਉਸ ਸਮੇਂ ਵੀ ਧਰਮ ਦੀ ਲੜਾਈ ਨੇ ਇਸ ਭੂਗੋਲਿਕ ਵੰਡ ਸਮੇਂ ਵੀ ਲੱਖਾਂ ਜਾਨਾਂ ਲਈਆਂ ਸਨ । ਹੁਣ ਜਦ ਕਿ ਕਦੀ ਕਸ਼ਮੀਰ ਦਾ ਮਸਲਾ ਲੈ ਕੇ ਅਤੇ ਭਾਰਤ ਨੂੰ ਤੋੜਣ ਵਜੋਂੰ ਖਾਲਿਸਤਾਨ ਦਾ ਮਸਲਾ ਲੈਕੇ ਨਿੱਤ ਦਿਨ ਅਜਿਹੀਆਂ ਕੋਝੀਆਂ ਹਰਕਤਾਂ ਹੋ ਰਹੀਆਂ ਹਨ ਕਿ ਦੇਸ਼ ਦੇ ਅੰਦਰ ਅੰਦਰੂਨੀ ਘਮਾਸਾਨ ਮੱਚਿਆ ਪਿਆ ਹੈ। ਹਾਲ ਹੀ ਵਿਚ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਲੈ ਕੇ ਵੱਡੇ ਪੱਧਰ ਦੀ ਛਾਪੇਮਾਰੀ ਕੀਤੀ ਗਈ ਹੈ ਅਤੇ ਮੁਸਲਿਮ ਜੱਥੇਬੰਦੀ ਪੀ.ਐਫ.ਆਈ. ਤੇ ਪਾਬੰਦੀ ਲਗਾਈ ਗਈ ਹੈ। ਇਹ ਕਾਰਜ ਹਾਲੇ ਪੂਰਾ ਵੀ ਨਹੀਂ ਹੋਇਆ ਕਿ ਪੰਜਾਬ ਵਿਚ ਖਾਲਿਸਤਾਨ ਦੀ ਮੰਗ ਨੂੰ ਲੈਕੇ ਇੱਕ ਵਾਰ ਫਿਰ ਵਾਰਿਸ ਪੰਜਾਬ ਦੇ ਨਾਂ ਦੀ ਸੰਸਥਾ ਦਾ ਸੋਸ਼ਲ ਮੀਡੀਆਂ ਰਾਹੀਂ ਪ੍ਰਚਾਰ ਜੋਰਾਂ-ਸ਼ੋਰਾਂ ਨਾਲ ਹੋ ਰਿਹਾ ਹੈ। ਹੁਣ ਆਉਣ ਵਾਲੇ ਸਮੇਂ ਵਿਚ ਪੰਜਾਬ ਦਾ ਨੋਜੁਆਨ ਕਿਸ ਤਰ੍ਹਾਂ ਜਾਗਰੁੱਕ ਹੁੰਦਾ ਹੈ ਅਤੇ ਉਹ ਪਿਛਲੇ ਇਤਿਹਾਸ ਨੂੰ ਮੁੱਖ ਰੱਖਦਿਆਂ ਪੰਥ ਅਤੇ ਪੰਜਾਬ ਦੀ ਆਬਾਦੀ ਦੀਆਂ ਲੀਹਾਂ ਉਲੀਕਦਾ ਹੈ ਜਾਂ ਫਿਰ ਬਰਬਾਦੀ ਦੀਆਂ ਲੀਹਾਂ ਨੂੰ। ਜਦਕਿ ਕੌੜਾ ਸੱਚ ਤਾਂ ਇਹ ਹੈ ਕਿ ਹੁਣ ਪੰਜਾਬ ਦੇ ਜ਼ਿਆਦਾਤਰ ਪਰਿਵਾਰਾਂ ਦਾ ਹੋਣਹਾਰ ਪੁੱਤ ਇੱਕ ਹੀ ਹੈ । ਉਹ ਅਗਰ ਕਿਸੇ ਅਜਿਹੇ ਰਸਤੇ ਤੇ ਤੁਰ ਪੈਂਦੇ ਹਨ ਕਿ ਜਿੱਥੇ ਮੌਤ ਖੜ੍ਹੀ ਹੈ ਤਾਂ ਇਹ ਪੰਜਾਬ ਦੇ ਲਈ ਬਹੁਤ ਮੰਦਭਾਗਾ ਹੋਵੇਗਾ।ਪੰਜਾਬ ਦੇ ਜਿੰਨ੍ਹਾਂ ਵੇਹੜਿਆ ਵਿਚ ਨਸ਼ਿਆਂ ਅਤੇ ਕਰਜ਼ਿਆਂ ਦਾ ਮਾਤਮ ਪਹਿਲਾਂ ਹੀ ਛਾ ਚੁੱਕਾ ਹੈ ਉਹ ਵੇਹੜੇ ਇਸ ਗੱਲ ਦੇ ਅਨੁਕੂਲ ਨਹੀਂ ਕਿ ਉਥੇ ਇੱਕ ਵਾਰੀ ਫਿਰ ਸੱਥਰ ਵਿਛਣ। ਇਸ ਸਮੇਂ ਪੰਜਾਬ ਪੰਜਾਬੀਅਤ ਤੋਂ ਸੱਖਣਾ ਹੋ ਰਿਹਾ ਹੈ ਤਾਂ ਉਸ ਸਮੇਂ ਪੰਜਾਬ ਦੀਆਂ ਜੱਥੇਬੰਦੀਆਂ ਜੋ ਕਿ ਮਾਨਵ ਬੰਬ ਤਿਆਰ ਕਰਨ ਦਾ ਦਿਮਾਗ ਰਖਵਾਊਂਦੀਆਂ ਹਨ ਉਹਨਾਂ ਨੂੰ ਅਜਿਹੀਆਂ ਆਜ਼ਾਦਾਨਾ ਉਦਯੋਗਿਕ ਈਕਾਈਆਂ ਸਥਾਪਿਤ ਕਰਨੀਆਂ ਚਾਹੀਦੀਆ ਹਨ। ਜਿਸ ਵਿਚ ਸੰਪੂਰਨ ਪੰਜਾਬੀ ਕੰਮ ਕਰੇ ਅਤੇ ਉਹ ਘੱਟ ਗਿਣਤੀਆਂ ਹੋਣ ਦਾ ਧਾਰਨੀ ਹੋ ਕੇ ਅਜਿਹੀਆਂ ਘੱਟ ਰੇਟਾਂ ਦੀਆਂ ਚੀਜਾਂ ਬਣਾਵੇ, ਜਿਸ ਨਾਲ ਉਹ ਚਾਈਨਾ ਦੀ ਤਰ੍ਹਾਂ ਵਿਸ਼ਵ ਮੰਡੀ ਤੇ ਕਬਜ਼ਾ ਕਰ ਕਰ ਲਵੇ। ਪੰਜਾਬ ਦਾ ਕਿਸਾਨ ਜੇਕਰ ਪੂਰੇ ਵਿਸ਼ਵ ਦਾ ਪੇਟ ਪਾਲ ਸਕਦਾ ਹੈ ਤਾਂ ਇਸ ਦਾ ਮਿਸਤਰੀ ਜਹਾਜ ਤੱਕ ਵੀ ਬਣਾ ਸਕਦਾ ਹੈ।
ਪੰਜਾਬ ਦੇ ਉਹਨਾਂ ਸਭ ਆਗੂਆਂ ਨੂੰ ਅਪੀਲ ਹੈ ਕਿ ਉਹ ਪੰਜਾਬ ਨੁੰ ਵਿਸ਼ਵ ਵਿਆਪੀ ਧਰਮ ਦੀ ਅੱਗ ਵਿੱਚ ਝੁਲਸਨ ਤੋਂ ਬਚਾਉਣ, ਪੰਜਾਬ ਵਿੱਚ ਕਲਪੁਰਜਿਆਂ ਦੇ ਕਾਰਖ਼ਾਨੇ ਸ਼ੁਰੂ ਕਾਵਉਣ। ਜਿਸ ਨਾਲ ਚਾਈਨਾ ਵਾਂਗ ਪੰਜਾਬ ਵੀ ਦੁਨੀਆਂ ਵਿੱਚ ਆਪਣੀ ਕਾਮਜਾਵ ਉਦਯੋਗਿਕ ਈਕਾਈਆਂ ਦੀ ਪਹਿਚਾਣ ਬਣ ਸਕੇ। ਗੁਰੂ ਦੀ ਗੋਲਕ ਅਤੇ ਦਾਨ ਦਾ ਹੋਰ ਪੈਸਾ ਪੰਜਾਬੀਆਂ ਲਈ ਉੇਦਯੋਗਿਕ ਈਾਕਈਆਂ ਨੂੰ ਉੱੱਚਾ ਚੁੱਕਣ ਲਈ ਖਰਚਨ। ਗੁਰੂ ਦੇ ਕਿਸੇ ਵੀ ਪੰਜਾਬੀ ਪੁੱਤ ਨੂੰ ਪਰਿਵਾਰ ਤੋਂ ਵਿੱਛੜ ਕੇ ਕਿਸੇ ਬਰਾਲੇ ਦੇਸ਼ ਵਿੱਚ ਜਾਕੇ ਰੋਜ਼ਗਾਰ ਲਈ ਠੋਕਰਾਂ ਨਾ ਖਾਣੀਆਂ ਪੈਣ। ਕਿਸੇ ਹੋਰ ਦੇਸ਼ ਵਿੱਚ ਪੰਜਾਬ ਦੇ ਪੁੱਤ ਨੂੰ ਜੂਠੇ ਪਾਂਡੇ ਨਾ ਸਾਫ਼ ਕਰਨੇ ਪੈਣ। ਪੰਜਾਬ ਦੇ ਪਿਛਲੇ ਸੰਘਰਸ਼ ਵਿਚ ਚਾਲੀ ਹਜ਼ਾਰ ਸਿੱਖ ਨੌਜੁਆਨ ਮੌਤ ਦੀ ਭੇਂਟ ਆਗੂਆਂ ਦੀ ਬਦੌਲਤ ਚੜ੍ਹ ਚੁੱਕਿਆ ਹੈੇ। ਪੰਜਾਬ ਹੁਣ ਤਾਂ ਨੌਜਵਾਨ ਇਹਨਾਂ ਵੀ ਨਹੀਂ ਬੱਚਿਆ ਹੈ, ਜੋ ਵਚਿਆ ਹੈ, ਉਹ ਵਿਦੇਸ਼ਾਂ ਵਿਚ ਦਿਨ-ਰਾਤ ਕੰਮ ਕਰ ਰਿਹਾ ਹੈ। ਅੱਜ ਪੰਜਾਬੀਆਂ ਨੂੰ ਮਾਨਿਸਕ ਗੁਲਾਮੀ ਨਹੀਂ ਸਤਾ ਰਹੀ ਕਿ ਜਿੰਨੀ ਕੁ ਆਰਥਿਕ ਗੁਲਾਮੀ ਸਤਾ ਰਹੀ ਹੈ। ਸੁਚੇਤ ਰਹੋ ਤਾਂਕਿ ਫਿਰ ਤੋਂ ਤੁਹਾਡੇ ਨਾਲ ਧੋਖਾ ਨਾ ਹੋ ਜਾਵੇ। ਪੰਜਾਬ ਦੇ ਨੌਜਵਾਨ ਕੰਮ ਕਰਨ ਅਤੇ ਦੂਜੇ ਪੰਜਾਬੀ ਭਰਾਵਾਂ ਲਈ ਨਵੇਂ ਕੰਮ ਪੈਦਾ ਕਰਨ, ਜਿਸ ਨਾਲ ਸਾਰੀਆਂ ਦਾ ਭਲਾ ਹੋਵੇ। ਪੰਜਾਬ ਦੇ ਪਰਿਵਾਰਾਂ ਨੇ ਬਹੂਤ ਜ਼ਿਆਦਾ ਦਰਦ ਸਹਿਣ ਕੀਤਾ, ਕਈ ਪਰਿਵਾਰਾਂ ਦੇ ਜਖ਼ਮ ਹੁਣ ਵੀ ਹਰੇ ਹਨ।




