
ਅਜੋਕਾ ਕਿਹੋ ਜਿਹਾ ਦੌਰ ਹੈ, ਹੁਣ ਧਰਮ ਦੀ ਆੜ ਵਿਚ ਇਨਸਾਨੀਅਤ ਦੀ ਮੌਤ ਹੋਣੀ ਸੁਭਾਵਿਕ ?
- Punjab Click Blog
- October 7, 2022
- No Comment
- 83
ਕੀ ਇਨਸਾਨ ਦਾ ਸਿਰ ਤਨ ਤੋਂ ਅਲੱਗ ਕਰਨ ਦੀ ਸੋਚ ਮਨਭਾਗੀ ਨਹੀਂ?
ਕਹਿੰਦੇ ਨੇ ਕਿ ਬਜ਼ਾਰ ਜਾਕੇ ਕਿਤਾਬ ਖਰੀਦੀ ਜਾ ਸਕਦੀ ਹੈ ਲੇਕਿਨ ਗਿਆਨ ਨੂੰ ਖਰੀਦਿਆ ਨਹੀਂ ਸਕਦਾ। ਜ਼ਿੰਦਗੀ ਭਰ ਬੰਦਾ ਗਿਆਨ ਹਾਸਿਲ ਕਰਦਾ ਰਹਿੰਦਾ ਹੈ। ਇਨਸਾਨੀ ਸੂਝਵਾਨਤਾ ਨੇ ਗੁਰੂਆਂ, ਪੀਰਾਂ ਪੈਗੰਬਰਾਂ ਅਤੇ ਗ੍ਰੰਥਾਂ ਤੋਂ ਗਿਆਨ ਪ੍ਰਾਪਤ ਕੀਤਾ ਹੈ। ਗ੍ਰੰਥ ਸਾਨੂੰ ਇਨਸਾਨੀਅਤ ਦਾ ਗਿਆਨ ਦਿੰਦੇ ਹਨ। ਗ੍ਰੰਥਾਂ ਵਿੱਚ ਇਕ ਇਕ ਅੱਖਰ ਗਿਆਨ ਦਿੰਦਾ ਹੈ। ਹਰ ਇੱਕ ਧਰਮ ਦਾ ਇੱਕ ਗ੍ਰੰਥ ਹੈ ਅਤੇ ਉਸ ਦੀ ਭਾਸ਼ਾ ਕੁੱਝ ਅਜਿਹੀ ਹੈ ਜੋ ਕਿ ਆਮ ਆਦਮੀ ਦੇ ਸਮਝ ਨਹੀਂ ਆਉਂਦੀ। ਕਈ ਬਾਬਿਆਂ, ਪੰਡਤਾਂ, ਮੌਲਵੀਆਂ, ਗੁਰੂ ਜਾਂ ਫਿਰ ਕਥਾਵਾਚਕਾਂ ਨੇ ਗ੍ਰੰਥਾਂ ਦੀ ਵਿਆਖਿਆ ਆਪਣੇ ਦਿਮਾਗ ਨਾਲ ਕੀਤੀ ਹੈ । ਕਈਆਂ ਗ੍ਰੰਥਾਂ ਵਿਚਲੇ ਕੌਤਕ ਤਾਂ ਕੁਝ ਅਜਿਹੇ ਤਰੀਕੇ ਦੇ ਹਨ ਕਿ ਜੋ ਕਿ ਵਿਗਿਆਨਿਕ ਯੁੱਗ ਦੇ ਬਿੱਲਕੁਲ ਅਨੁਕੂਲ ਨਹੀਂ ਹਨ। ਜੇ ਇੱਕ ਗੱਲ ਨੂੰ ਇਹ ਵੀ ਮੰਨਿਆ ਜਾਵੇ ਕਿ ਜੋ ਇਹ ਗ੍ਰੰਥ ਲਿਖੇ ਗਏ ਅਤੇ ਉਹਨਾਂ ਦੀ ਸਿਖਿਆਵਾਂ ਦੁਨਿਆਵੀ ਤਜ਼ਰਬਿਆਂ ਦੇ ਆਧਾਰ ਤੇ ਅੰਕਿਤ ਕੀਤੀਆਂ ਗਈਆਂ ਤਾਂ ੳੇੁਸ ਦੇ ਸਮੇਂ ਤੇ ਅੱਜ ਦੇ ਸਮੇਂ ਵਿਚ ਉਸ ਦਾ ਬਹੁਤ ਵੱਡਾ ਫਰਕ ਹੈ। ਇਸੇ ਕਾਰਨਾਂ ਦੇ ਚਲਦੇ ਸ਼ਰਧਾ ਭਾਵ ਵਾਲੇ ਲੋਕਾਂ ਅਤੇ ਵਿਗਿਆਨਿਕ ਯੁੱਗ ਨਾਲ ਹਰ ਚੀਜ ਦੀ ਤੁਲਨਾ ਕਰਨ ਵਾਲਿਆਂ ਵਿੱਚ ਬਹਿਂਸ ਹੋਂਦੀ ਰਹਿੰਦੀ ਹੈ ਹਰ ਚੀਜ ਨੇ ਤਰੱਕੀ ਕੀਤੀ ਦਸ਼ਾ ਅਤੇ ਦਿਸ਼ਾ ਨਿਰਦੇਸ਼ ਬਦਲੇ। ਪਹਿਲੇ ਸਮੇਂ ਵਿੱਚ ਰਾਜਿਆਂ ਮਹਾਰਾਜਿਆਂ ਦੇ ਕੌੜੇ ਮਿੱਠੇ ਸੁਭਾਅ ਵਿਚੋਂ ਉਪਜੀਆਂ ਬਹੁਤ ਸਾਰੀਆਂ ਨੀਤੀਆਂ ਨੂੰ ਵੀ ਲੋਕਾਂ ਨੇ ਅਪਣੇ ਜੀਵਨ ਵਿੱਚ ਲਾਗੂ ਕੀਤਾ। ਪਰ ਹੁਣ ਜੋ ਕੁਝ ਵੀ ਅੱਜ ਦੇ ਹਾਲਾਤਾਂ ਵਿਚ ਹੋ ਰਿਹਾ ਹੈ ਉਸ ਦਾ ਸਿੱਟਾ ਤਾਂ ਇਹ ਹੈ ਕਿ ਗ੍ਰੰਥਾਂ ਦਾ ਉਚਾਰਨ ਹਰੇਕ ਨੇ ਆਪਣੇ ਦਿਮਾਗ ਨਾਲ ਕੀਤਾ ਹੈ। ਜਿਸ ਦੀ ਤਹਿਤ ਹਰ ਇੱਕ ਧਰਮ ਦਾ ਅਨੁਯਾਈ ਜਿੱਥੇ ਬੇਮਾਅਨੇ ਦੀ ਲੋਕਾਂ ਨੂੰ ਜੀਵਨ ਦੀ ਜਾਚ ਤੇ ਮਰਨ ਦੀ ਕਲਾ ਸਿਖਾ ਰਿਹਾ ਹੈ ਉਥੇ ਹੀ ਅਜੋਕੇ ਨੇਤਾ ਵੀ ੳੇੁਹਨਾਂ ਰਾਜਿਆਂ ਨਾਲੋਂ ਘੱਟ ਨਹੀਂ ਕਰ ਰਹੇ ਜਿੰਨ੍ਹਾਂ ਨੇ ਕਿ ਧਰਮ ਦੀ ਖਾਤਿਰ ਆਪਨੀ ਵਿਚਾਰਧਾਰਾ ਨੂੰ ਲਾਗੂ ਕੀਤਾ ।
ਅੱਜ ਦੇ ਦੌਰ ਵਿਚ ਦਿਮਾਗ ਤੇ ਦਿਸ਼ਾ ਨਿਰਦੇਸ਼ ਕਿਸੇ ਹੋਰ ਦੇ ਚਲ ਰਹੇ ਹਨ ਪਰ ਕਸੂਰ ਲੋਕਾਂ ਦਾ ਹੀ ਨਿਕਲਦਾ ਹੈ ਜਿਵੇਂ ਕਿ ਸਰਕਾਰ ਦੇ ਮੰਤਰੀਆਂ ਅਤੇ ਅਫਸਰਸ਼ਾਹੀ ਨੇ ਦੇਸ਼ ਨੂੰ ਕੰਗਾਲ ਕਰ ਕੇ ਰੱਖ ਦਿੱਤਾ ਹੈ। ਲੋਕਾਂ ਨੂੰ ਆਪਸ ਵਿੱਚ ਲੜਾਉਣ ਦੀ ਕਲਾ ਵਰਤ ਕੇ ਉਹਨਾਂ ਨੇ 75 ਸਾਲਾਂ ਵਿਚ ਖੂਬ ਉਜਾੜਾ ਕੀਤਾ ਹੈ। ਪਰ ਅੰਤ ਵਿਚ ਕਸੂਰ ਲੋਕਾਂ ਦਾ ਹੀ ਨਿਕਲਦਾ ਹੈ ਕਿ ਸਰਕਾਰ ੳੇੁਹ ਹੀ ਚੁਣਦੇ ਹਨ। ਕਿੰਨਾ ਹੈਰਾਨੀ ਜਨਕ ਤੱਥ ਹੈ ਕਿ ਜੋ ਲੋਕ ਸਰਕਾਰ ਚੁਣਦੇ ਹਨ ਤੇ ਉੇਹਨਾਂ ਤੋਂ ਕਦੇ ਵੀ ਪੰਜ ਸਾਲ ਵਿੱਚ ਸਲਾਹ ਨਹੀਂ ਲਈ ਜਾਂਦੀ ਕਿਉਂਕਿ ਜਨਤਾ ਨੂੰ ਤਾਂ ਕਿਸੇ ਕਿਸਮ ਦਾ ਕੋਈ ਅਧਿਕਾਰ ਹੀ ਨਹੀਂ ਕਿ ਉੇਹ ਉਹਨਾਂ ਨੂੰ ਸਵਾਲ ਕਰ ਸਕੇ। ਜਿੰਨ੍ਹਾਂ ਨੂੰ ਉਹ ਆਪਣੇ ਹੱਥੀਂ ਚੁਣਦੇ ਹਨ ਅਤੇ ਜਿੰਨ੍ਹਾਂ ਨੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਅੱਗੇ ਪੇਸ਼ ਕਰਕੇ ਹੱਲ ਕਰਨਾ ਹੁੰਦਾ ਹੈ ਉਹ ਖੁੱਦ ਭ੍ਰਿਸ਼ਟਾਚਾਰ ਦੇ ਜਾਲ ਵਿੱਚ ਕੁਝ ਇਸ ਕਦਰ ਉਲਝ ਜਾਂਦੇ ਹਨ। ਨੇਤਾ ਨੇ ਲੋਕਾਂ ਦੀ ਸਮੱਸਆਵਾਂ ਕੋਈ ਹੱਲ ਨਹੀਂ ਕਰਦੇ, ਲੇਕਿਨ ਆਪਣੀਆਂ ਪੁਸ਼ਤਾਂ ਦੀਆਂ ਸਮੱਸਿਆਵਾਂ ਦਾ ਹੱਲ ਜਰੂਰ ਕਰ ਲੈਂਦੇ ਹਨ। ਦੂਜੇ ਪਾਸੇ ਇਹ ਹੀ ਚਲਨ ਧਾਰਮਿਕ ਆਗੂਆਂ ਦਾ ਹੈ ਉਹ ਵੀ ਧਾਰਮਿਕ ਅਸਥਾਨਾਂ ਵਿਚਲੀ ਗੋਲਕ ਤੇ ਕਾਬਜ਼ ਹੁੰਦੇ ਹਨ ਅਤੇ ਫਿਰ ਧਾਰਮਿਕ ਤੌਰ ਤੇ ਲੋਕਾਂ ਦੇ ਜ਼ਜ਼ਬਾਤਾਂ ਨਾਲ ਖੇਡਦੇ ਹਨ ।ਵੱਧਦੀ ਆਬਾਦੀ ਨੇ ਬੇਰੁਜ਼ਗਾਰੀ ਅਤੇ ਮਹਿੰਗਾਈ ਜਿਹੀਆਂ ਧਾਰਨਾਵਾਂ ਨੂੰ ਜਨਮ ਦੇ ਹੀ ਦਿੱਤਾ ਹੈ ਤਾਂ ੳੇੁਹ ਇੱਕ ਅਜਿਹੀ ਵਸਤੂ ਹੈ ਕਿ ਜੋ ਸ਼ੂਕਦੇ ਸੱਪ ਵਾਂਗੂੰ ਵੱਧਦੀ ਹੀ ਜਾ ਰਹੀ ਹੈ ਤੇ ਉਹ ਨਿੱਤ ਦਿਨ ਡੰਗ ਸਿਰਫ ਗਰੀਬਾਂ ਨੂੰ ਹੀ ਰਹੀ ਹੈ। ਅਜਿਹੇ ਮੌਕੇ ਤੇ ਜਦੋਂ ਰਾਜਨੀਤਿਕਾਂ ਤੇ ਧਰਮ ਦੇ ਅਨੁਯਾਈਆਂ ਦਾ ਸੁਮੇਲ ਹੋ ਜਾਵੇ ਤਾਂ ਉਹ ਕਿੰਨੇ ਕੁ ਘਾਤਕ ਹੋ ਸਕਦੇ ਹਨ ਇਸ ਦੀ ਤਸਵੀਰ ਅਜੋਕੇ ਦੌਰ ਤੋਂ ਇਲਾਵਾ ਕਿਸੇ ਹੋਰ ਦੌਰ ਵਿੱਚ ਨਹੀਂ ਵੇਖੀ ਜਾ ਸਕਦੀ।
ਕਦੀ ਸ਼ਾਇਦ ਸੋਚਿਆ ਨਹੀਂ ਸੀ ਕਿ ਦੇਸ਼ ਦੀ ਆਜ਼ਾਦੀ ਦੇ 75 ਸਾਲ ਬੀਤ ਜਾਣ ਤੇ ਅਜਿਹਾ ਦੌਰ ਲਿਆਂਦਾ ਜਾਵੇਗਾ ਕਿ ਲੋਕਾਂ ਨੂੰ ੳੇੁਹਨਾਂ ਗੱਲਾਂ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ ਕਿ ਜਿਸ ਦਾ ਕੋਈ ਮਤਲਬ ਹੀ ਨਹੀਂ। ਅਜਿਹੇ ਸਮੇਂ ਵਿਚ ਜਦੋਂ ਰਾਜਨੀਤਿਕਾਂ ਅਤੇ ਧਾਰਮਿਕ ਆਗੂਆਂ ਦੀ ਮਿਨਾਪਲੀ ਦਾ ਮਤਲਬ ਹੀ ਇੱਕ ਰਹਿ ਜਾਵੇ ਕਿ ਜਨਤਾ ਲੜੇਗੀ ਅਤੇ ਮਰੇਗੀ ਤਾਂ ਹੀ ਉਹਨਾਂ ਦੀ ਅਗਵਾਈ ਕਾਇਮ ਰਹੇਗੀ। ਉਸ ਸਮੇਂ ਲੋਕ ਸੋਚ ਦਾ ਅਜਿਹਾ ਦੀਵਾਲਾ ਨਿਕਲ ਜਾਵੇ ਕਿ ਉੇਸ ਦੀ ਸੋਚ ਇਹ ਕੰਮ ਹੀ ਨਾ ਕਰੇ ਕਿ ਉਸ ਕੋਲੋਂ ਜੋ ਕੁਝ ਵੀ ਕਰਵਾਇਆ ਜਾ ਰਿਹਾ ਹੈ ਉਹ ਮਨੱੁਖਤਾ ਦੇ ਘਾਣ ਲਈ ਕਰਵਾਇਆ ਜਾ ਰਿਹਾ ਹੈ ਤਾਂ ਫਿਰ ਇਹਨਾਂ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਬੱਸ ਹਰ ਪਾਸੇ ਮੌਤ ਦਾ ਹੀ ਤਾਂਡਵ ਹੋਣਾ ਹੈ।
ਅੱਜ ਦਾ ਦੌਰ ਜਦੋਂ ਇਨਸਾਨੀਅਤ ਦੀ ਕਾਰਗੁਜ਼ਾਰੀ ਨੂੰ ਕਿਤੇ ਤਾਂ ਧਰਮ ਦੀ ਕੱਟੜਤਾ ਨਾਲ ਤੋਲ ਰਿਹਾ ਹੈ ਅਤੇ ਕਿਤੇ ਰਾਜਨੀਤੀ ਦੀ ਤਹਿਤ ਅਤੇ ਇਨਸਾਨੀ ਦਿਮਾਗ ਕੰਮ ਹੀ ਨਾ ਕਰੇ ਕਿ ਇਹ ਸਭ ਕੁਝ ਉਸ ਦੀ ਜਾਨ ਲੈਣ ਲਈ ਕੀਤਾ ਜਾ ਰਿਹਾ ਹੈ । ਇੱਕ ਪਾਸੇ ਤਾਂ ਧਰਮ ਦੇ ਅਨੁਯਾਈ ਇਹ ਭਾਸ਼ਨ ਦਿੰਦੇ ਹਨ ਕਿ ਮਨੱੁਖਾ ਜੀਵਨ 84 ਲੱਖ ਜੂਨ ਭੁਗਤਨ ਦੇ ਬਾਅਦ ਮਿਲੀਆਂ ਹੈ ਅਤੇ ਦੂਜੇ ਪਾਸੇ ਉਸ ਨੂੰ ਖਤਮ ਕਰਨ ਦੀ ਵੀ ਪ੍ਰੇਰਣਾ ਦਿੰਦੇ ਹਨ ਕਿ ਧਰਮ ਦੀ ਖਾਤਿਰ ਮਰ ਕੇ ਹੀ ੳੇੁਸ ਦਾ ਜੀਵਨ ਸਫਲ ਹੋਣਾ ਹੈ। ਦੂਜੇ ਪਾਸੇ ਕਥਾਵਾਚਕ ਭਾਸ਼ਨ ਪ੍ਰਵਚਨ ਕਦੇ ਹਨ ਕਿ ਮਾਇਆ ਨਾਗਿਨੀ ਹੈ ਅਤੇ ਇਸ ਦਾ ਤਿਆਗ ਕਰੋ। ਲੇਕਿਨ ਖੁਦ ਆਪਣੀ ਕਥਾ ਕਰਵਾਉਣ ਲਈ ਸੰਗਤ ਤੋਂ ਸਮੇਂ ਦੇ ਅਨੁਸਾਰ ਮੱੁਲ ਵੱਟਦੇ ਹਨ ਅਤੇ ਪੌਂਡਾਂ ਅਤੇ ਡਾਲਰਾਂ ਦੀ ਖਾਤਿਰ ਦੇਸ਼ ਹੀ ਬਦਲ ਲੈਂਦੇ ਹਨ ਅਤੇ ਮੱੁੜ ਕੇ ਆਪਣੇ ਨਾਮ ਦੇ ਪਿਛੇ ਕੈਨੇਡਾ ਯਾ ਅਮਰੀਕਾ ਵਾਲੇ ਲਿਖ ਕੇ ਕਥਾ ਪ੍ਰਵਚਨ ਲਈ ਮੋਟੀ ਰਕਮ ਲੈਣ ਲੱਗ ਪੈਂਦੇ ਹਨ। ਆਪਣੀ ਮੱਤ ਅਨੁਸਾਰ ਇਹੀ ਹੀ ਪ੍ਰਚਾਰ ਕਰਦੇ ਹਨ ਕਿ ਇਹ ਮੁਲਕ ਹੋਣ ਦੇ ਰਹਿਣ ਦੇ ਅਨੁਕੂਲ ਨਹੀਂ ਹੈ। ਜਦਕਿ ਧਰਮ ਦਾ ਚੋਲਾ ਪਾ ਕੇ ਜਾਂ ਭਾਰਤੀ ਅਤੇ ਪੰਜਾਬ ਦੀ ਧਰਤੀ ਤੇ ਜਨਮ ਲੈਕੇ ਉਸ ਨੂੰ ਕਲੰਕਿਤ ਕਰਨ ਤੋਂ ਉੱਤੇ ਦਾ ਚਲਨ ਹੋਰ ਕੋਈ ਨਹੀਂ ਹੋ ਸਕਦਾ।
ਇਹ ਹੀ ਹਾਲ ਹੈ ਰਾਜਨੀਤਿਕਾਂ ਦਾ ਦੇਸ਼ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਭ੍ਰਿਸ਼ਟਾਚਾਰੀ ਦੀ ਤਹਿਤ ਨੋਟ ਇੱਕੱਠੇ ਕਰਕੇ ਸਵਿਸ ਬੈਂਕਾਂ ਵਿਚ ਜਮ੍ਹਾ ਕਰਵਾ ਦਿਤੇ ਦੇਸ਼ ਨੂੰ ਸਮੱਸਿਆਵਾਂ ਦੇ ਜਾਲ ਵਿਚ ਕੱੁਝ ਇਸ ਕਦਰ ਉਲਝਾ ਦਿੱਤਾ ਕਿ ਲੋਕ ਸੋਚ ਆਪਣੇ ਬਾਰੇ ਸੋਚਨ ਦੇ ਅਨੁਕੂਲ ਨਹੀਂ ਰਹੀੇ । ਦਿਮਾਗ ਦੀ ਸੋਚ ਸ਼ਕਤੀ ਨੂੰ ਢਿੱਡ ਦੀ ਭੁੱਖ ਵਿਚ ਦਫਨ ਕਰ ਦਿੱਤਾ ਗਿਆ ਹੈ। ਮਹਿੰਗਾਈ ਨੇ ਪਰਿਵਾਰਾਂ ਦੇ ਪਰਿਵਾਰ ਰੋਟੀਓਂ ਵਾਂਝੇ ਕਰ ਦਿੱਤੇ। ਧਰਮ ਦੀ ਲੜਾਈ ਅਤੇ ਦੇਸ਼ ਦੀ ਅੰਦਰੂਨੀ ਤੇ ਬਾਹਰੀ ਸੁਰਖਿਆ ਤੇ ਅਰਬਾਂ ਰੁਪਏ ਨਿੱਤ ਦਿਨ ਖਰਚ ਕੇ ਵੀ ਮੌਤ ਦਾ ਨੰਗਾਂ ਨਾਚ ਲਗਾਤਾਰ ਜਾਰੀ ਹੈ। ਹਰ ਕਈ ਸੱਤ੍ਹਾ ਤੇ ਬਿਰਾਜਮਾਨ ਦੇਸ਼ ਖੁਸ਼ਹਾਲ ਹੋਣ ਦੇ ਦਾਅਵੇ ਕਰ ਰਿਹਾ ਹੈ ਅਤੇ ਸੱਤ੍ਹਾ ਤੋਂ ਬਾਹਰ ਵਾਲੇ ਦੇਸ਼ ਦਾ ਬੇੜਾ ਗਰਕ ਹੋਣ ਦੇ ਦਾਅਵੇ ਕਰ ਰਹੇ ਹਨ । ਉਹ ਉਹਨਾਂ ਦਰੱਖਤਾਂ ਦੀ ਹੈ ਜਿਸ ਤੇ ਪਹਿਲਾਂ ਉਲੂਆਂ ਤੇ ਚਮਗਾਦੜਾਂ ਦਾ ਨਿਵਾਸ ਹੋਇਆ ਕਰਦਾ ਸੀ, ਕਿਉਂਕਿ ਇਹਨਾਂ ਨੂੰ ਦਿਨ ਵਿੱਚ ਵੀ ਕੁੱਝ ਨਹੀਂ ਦਿਖਦਾ ਕੀ ਹੋ ਰਿਹਾ ਹੈ। ਸਭ ਕੁੱਝ ਇਹਨਾਂ ਦੀ ਸੋਚ ਦੇ ਉਲਟ ਹੁੰਦਾ ਹੈ। ਇਹ ਹੀ ਹਾਲ ਹੈ ਨਵੇਂ ਧਾਰਮਿਕ ਆਗੂਆਂ ਦਾ ਹੈ ਜੋ ਕਿ ਸਦੀਆਂ ਪਹਿਲਾਂ ਦਾ ਇਤਿਹਾਸ ਤਾਂ ਲੋਕਾਂ ਨੂੰ ਸੁਣਾਉਂਦੇ ਹਨ। ਗੁਰੂਆਂ ਦੀਆਂ ਸਿਖਿਆਂਵਾਂ ਦਾ ਉਸ ਸਮੇਂ ਦਾ ਕਿਹਾ ਉਹਨਾਂ ਤੇ ਥੋਪਦੇ ਹਨ ਪਰ ਉਹ ਕਦੀ ਚਾਲੀ ਸਾਲਾਂ ਦੇ ਇਤਿਹਾਸ ਨੂੰ ਨਹੀਂ ਪੜ੍ਹਦੇ ਕਿ ਉਸ ਰਾਹੀਂ ਕਿਸ ਤਰ੍ਹਾਂ ਮੱਨੁਖਤਾ ਦਾ ਘਾਣ ਅਜੋਕੇ ਰਾਜਨੀਤਿਕਾਂ ਅਤੇ ਧਾਰਮਿਕ ਆਗੂਆਂ ਦੀ ਮਿਲੀ-ਜੁਲੀ ਸੋਚ ਨੇ ਕੀਤਾ। ਇਸ ਦੇ ਚੱਲਦੇ ਕਈ ਮਰ ਗਏ ਅਤੇ ਜੇਲ੍ਹਾਂ ਵਿਚ ਅੱਜ ਵੀ ਬਹੁਤ ਸਾਰੇ ਸੜ੍ਹ ਰਹੇ ਹਨ, ਪਰਿਵਾਰਾਂ ਦੇ ਪਰਿਵਾਰ ਉੱਜੜ ਗਏ। ਸਮੇਂ ਦੀ ਸਰਕਾਰਾਂ ਨੇ ਉਹਨਾਂ ਦੇ ਪਰਿਵਾਰਾਂ ਨੂੰ ਗੁਰੂ ਦੀ ਗੋਲਕ ਵਿਚ ਵੀ ਕੁੱਝ ਦੇਣ ਦੀ ਜਗਹ ਜ਼ਲਾਲਤ ਭਰਿਆ ਰਵੱਈਆ ਅਪਨਾਇਆ।
ਪੰਜਾਬ ਦੀ ਧਰਤੀ ਤੇ ਇੱਕ ਅਜਿਹੀ ਜੰਗ ਲੜੀ ਗਈ, ਜਿਸ ਦਾ ਇਹ ਹੀ ਪਤਾ ਨਹੀਂ ਸੀ ਕਿ ਇਹ ਕਿਨ੍ਹਾਂ ਨਾਲ ਹੈ ਅਤੇ ਕਿਸ ਲਈ ਹੈ। ਪੰਜਾਬ ਦੇ 40 ਹਜ਼ਾਰ ਨੌਜੁਆਨਾਂ ਦੇ ਸਿਵੇ ਸਿਰਫ ਇਸ ਕਰਕੇ ਬਲੇ ਕਿ ਉਹ ਧਰਮ ਦੇ ਆਧਾਰ ਤੇ ਰਾਜਨੀਤਿਕਾਂ ਦੀ ਸੋਚ ਦਾ ਹੀ ਸ਼ਿਕਾਰ ਹੋ ਗਏ ਸਨ। ਹੁਣ ਚਾਲੀ ਸਾਲ ਬਾਅਦ ਫਿਰ ਜਿੱਥੇ ਦੇਸ਼ ਵਿਚ ਧਰਮ ਦੀ ਲੜਾਈ ਨੂੰ ਪੂਰੀ ਹਵਾ ਦਿੱਤੀ ਜਾ ਰਹੀ ਹੈ। ਉਥੇ ਹੀ ਪੰਜਾਬ ਵਿਚ ਹੀ ਇੱਕ ਨਵੀਂ ਕਿਸਮ ਦੀ ਜੰਗ ਦਾ ਪੁਰਾਣਾ ਰਾਗ ਗਿਣੀ ਮਿੱਥੀ ਸਾਜ਼ਿਸ਼ ਦੀ ਤਹਿਤ ਅਲਾਪਨਾ ਸ਼ੁਰੂ ਕਰ ਦਿੱਤਾ ਹੈ ਜਿਸ ਦੀ ਤਹਿਤ ਆਜ਼ਾਦੀ ਲਈ ਕੁਰਬਾਨੀ ਦੇਣ ਦਾ ਹੌਕਾ ਪੰਜਾਬ ਦੇ ਵਾਰਸਾਂ ਨੂੰ ਖਤਮ ਕਰਨ ਲਈ ਕੋਸ਼ਿਸ਼ਾਂ ਹਨ ।
ਜਦਕਿ ਧਰਮ ਦੇ ਅਨੁਸਾਰ ਮੱਨੁਖਤਾ ਦੀ ਪ੍ਰੀਭਾਸ਼ਾ ਤੋਂ ਲੋਕਾਂ ਨੂੰ ਦੂਰ ਰੱਖਿਆ ਜਾਂਦਾ ਹੈ। ਕਿਸੇ ਵੀ ਨੀਤੀ ਨੂੰ ਕਬੂਲਨ ਤੋਂ ਪਹਿਲਾਂ ਦੇਖ ਤਾਂ ਲਵੋ ਕਿ ਨੀਤੀ ਘਾੜੇ ਦੀ ਪੜ੍ਹਾਈ ਤੇ ਔਕਾਤ ਕੀ ਹੈ ? ਉਸ ਦੇ ਭਾਸ਼ਨ ਮੌਤ ਤੋਂ ਸਿਵਾ ਹੋਰ ਕੀ ਪ੍ਰੇਰ ਰਹੇ ਹਨ। ਧਰਮ ਦੀ ਖਾਤਿਰ ਸਿਰ ਗੁਰੂ ਦੇ ਚਰਨਾਂ ਵਿਚ ਭੇਂਟ ਕਰਨਾ ਅਤੇ ਧਰਮ ਦੀ ਖਾਤਿਰ “ਸਰ ਤਨ ਤੇ ਜੁਦਾ” ਦਾ ਨਾਅਰਾ ਅਗਰ ਗ੍ਰੰਥਾਂ ਅਤੇ ਗੁਰੂਆਂ ਦੀ ਸਿਖਿਆਂ ਦੇ ਮੁਤਾਬਿਕ ਹੈ। ਤਾਂ ਫਿਰ ਇਸ ਦਾ ਅਸਲ ਮਤਲਬ ਤਾਂ ਇਹ ਹੈ ਕਿ ਸਿਰ ਨੂੰ ਤਨ ਤੋਂ ਮਾਨਸਿਕ ਤੌਰ ਤੇ ਅਲੱਗ ਕਰਕੇ ਗੁੁਰੂ ਦੇ ਚਰਨਾਂ ਵਿਚ ਭੇਂਟ ਕਰੋ। ਤਾਂ ਜੋ ਧਾਰਮਿਕ ਪ੍ਰਵਿਰਤੀ ਦੀ ਤਹਿਤ ਸੀਸ ਵਿੱਚ ਅਜਿਹੀ ਸੋਚ ਨੂੰ ਭਰਿਆ ਜਾਵੇ ਕਿ ਉਹ ਬਿਨਾਂ ਕਿਸੇ ਵੈਰ ਵਿਰੋਧ ਦੇ ਸਰਬੱਤ ਦਾ ਭਲਾ ਕਰਦੇ ਹੋਏ ਮਨੁੱਖਤਾ ਦੀ ਸੇਵਾ ਕੀਤੀ ਜਾ ਸਕੇ। ਇਹ ਨਹੀਂ ਕਿ ਮਾਨਵ ਬੰਬ ਬਣ ਕੇ ਅਤੇ ਕ੍ਰਿਪਾਨ ਨਾਲ ਇੱਕ ਦੂਜੇ ਦਾ ਘਾਣ ਕਰਕੇ ਗੁਰੂ ਕਬੂਲ ਕਰਨਗੇ। ਬਲਕਿ ਇਹ ਸੋਚ ਤਾਂ ਭ੍ਰਿਸ਼ਟ ਰਾਜਨੀਤੀ ਵਿਚੋਂ ਉਪਜੀ ਹੈ ਅਤੇ ਉਸਦਾ ਨਤੀਜਾ ਹੈ। ਨਵੇਂ ਧਰਮ ਪ੍ਰਚਾਰਕਾਂ ਅਤੇ ਰਾਜਸੀ ਆਗੂਆਂ ਦੀ ਨੀਯਤ ਦੀ ਪਹਿਚਾਨ ਕਰੇ ਇਸ ਵਿੱਚ ਹੀ ਸੂਝਵਾਨਤਾ ਹੈਂ। ਉਹਨਾਂ ਦੇ ਦਿਮਾਗ ਵਿੱਚ ਅਸਲ ਤੌਰ ਤੇ ਕੀ ਚਲ ਰਿਹਾ ਹੈ ਉਸ ਨੂੰ ਪਹਿਚਾਨੋ ਅਤੇ ਆਪਣੇ ਆਪ ਨੂੰ ਗੁਰੂਆਂ ਦੀ ਅਸਲ ਸਿੱਖਿਆ ਨਾਲ ਜੁੜਦੇ ਹੋਏ ਕਿਰਤ ਕਰੋ, ਨਾਮ ਜਪੋ ਤੇ ਆਪਸੀ ਭਾਈਚਾਰੇ ਦੀ ਸਿਖਿਆਂ ਨੂੰ ਗ੍ਰਹਿਨ ਕਰੋ । ਸੋਚੋ ਕਿ ਬੀਤੇ ਸਮੇਂ ਵਿਚ ਧਾਰਮਿਕ ਆਗੂਆਂ ਅਤੇ ਰਾਜਸੀ ਆਗੂਆਂ ਦੀ ਸੋਚ ਦੇ ਕਰਨ ਸਾਡੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਰੱਖਿਅਤ ਨਹੀ ਰਹੇ। ਅੱਜ ਪੰਜਾਬ ਵਿੱਚ ਧਾਰਮਿਕ ਹਮਲਾ ਕਰਵਾਕੇ ਕੁੱਝ ਮਾੜੀ ਸੋਚ ਵਾਲੇ ਰਾਜਸੀ ਲੋਕ ਅਜਿਹੀ ਅੱਗ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜੋ ਚਿੰਤਾ ਜਨਕ ਹੈਂ। ਪੰਜਾਬ ਦੇ ਨੌਜਵਾਨਾਂ ਨੂੰ ਅਜਿਹੀਆਂ ਚਾਲਾਂ ਤੋਂ ਬਚਣਾ ਚਾਹੀਦਾ ਹੈਂ ਨਹੀਂ ਤਾਂ ਮਾੜੀ ਸੋਚ ਵਾਲੇ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰਨ ਵਿੱਚ ਸਫ਼ਲ ਹੋ ਜਾਣਗੇ। ਸਾਨੂੰ ਬਲਦੀ ਤੇ ਤੇਲ ਪਾਉਣ ਵਾਲੇ ਨਵੇਂ-ਨਵੇਂ ਧਰਮ ਪ੍ਰਚਾਰਕਾਂ ਤੋਂ ਸਚੇਤ ਰਹਿੰਦੇ ਹੋਏ, ਆਮ ਪੰਜਾਬੀਆਂ ਨੂੰ ਵੀ ਸਚੇਤ ਕਰਨਾ ਹੋਵੇਗਾ। ਅਸੀਂ ਇਹਨਾਂ ਦੀ ਸੋਚ ਦੇ ਸ਼ਿਕਾਰ ਨਾ ਬਣ ਜਾਈਏ।



