ਰਾਜਨੀਤਿਕ ਆਗੂਆਂ ਅਤੇ ਸਰਕਾਰੀ ਮੁਲਾਜ਼ਮਾਂ ਦੀ ਭ੍ਰਿਸ਼ਟਾਚਾਰ ਮਜ਼ਬੂਰੀ ਜਾਂ ਸ਼ੌਂਕ ?

ਰਾਜਨੀਤਿਕ ਆਗੂਆਂ ਅਤੇ ਸਰਕਾਰੀ ਮੁਲਾਜ਼ਮਾਂ ਦੀ ਭ੍ਰਿਸ਼ਟਾਚਾਰ ਮਜ਼ਬੂਰੀ ਜਾਂ ਸ਼ੌਂਕ ?

ਨਿੱਤ ਦਿਨ ਹਾਲੇ ਵੀ ਫੜੇ ਜਾ ਰਹੇ ਹਨ ਭ੍ਰਿਸ਼ਟਾਚਾਰੀ

ਵੈਸੇ ਤਾਂ ਭ੍ਰਿਸ਼ਟਾਚਾਰ ਦੀਆਂ ਜੜ੍ਹਾਂ ਪੂਰੇ ਭਾਰਤ ਵਿੱਚ ਫੈਲੀਆਂ ਹੋਈਆਂ ਹਨ ਪਰ ਜੇਕਰ ਇਸ ਦੀ ਸੂਬਾ ਪੱਧਰ ਤੇ ਕੋਈ ਵਿਸ਼ੇਸ਼ ਜਾਂਚ ਕੀਤੀ ਜਾਵੇ ਤਾਂ ਇਸ ਉਲਝੇ ਜਾਲ ਦੀ ਤੰਦ ਲੱਭਣੀ ਤਾਂ ਬਹੁਤ ਹੀ ਮੁਸ਼ਕਿਲ ਅਤੇ ਬਹੁਤ ਹੀ ਜੋਖਿਮ ਭਰਿਆ ਕੰਮ ਹੈ। ਕਿੰਨਾਂ ਭ੍ਰਿਸ਼ਟ ਤੇ ਬਦਨੁਮਾ ਨਿਜ਼ਾਮ ਹੈ ਕਿ ਹਰ ਹੋਣ ਵਾਲੀਆਂ ਚੋਣਾਂ ਵਿਚ ਇਸ ਪ੍ਰਤੀ ਦੁਹਾਈ ਤਾਂ ਦਿੱਤੀ ਜਾਂਦੀ ਹੈ ਪਰ ਇਹ ਖਤਮ ਕਦੀ ਵੀ ਨਹੀਂ ਹੁੰਦਾ, ਸਗੋਂ ਵੱਧਦਾ ਹੀ ਜਾਂਦਾ ਹੈ। ਭ੍ਰਿਸ਼ਟਾਚਾਰੀ ਦੇ ਸਿੱਕੇ ਦੇ ਦੋ ਪਹਿਲੂ ਹਨ, ਇੱਕ ਰਾਜਨੀਤਿਕ ਨੇਤਾ ਤੇ ਦੂਜੇ ਸਰਕਾਰੀ ਕਰਮਚਾਰੀ ਤੇ ਅਧਿਕਾਰੀ। ਹੁਣ ਇਸ ਗੱਲ ਦਾ ਪਤਾ ਲਗਾਉਣਾ ਬਹੁਤ ਹੀ ਮੁਸ਼ਕਿਲ ਹੈ ਕਿ ਪਹਿਲਾਂ ਕੌਣ ਭ੍ਰਿਸ਼ਟ ਹੋਇਆ ਅਤੇ ਆਖਿਰ ਇਸ ਸਾਰੇ ਮਾਮਲੇ ਦੀ ਅਜਿਹੀ ਕੀ ਮਜ਼ਬੂਰੀ ਰਹੀ ਹੈ। ਇਸ ਨੇ ਦੇਸ਼ਾਂ ਦੀ ਅੰਦਰੂਨੀ ਤੇ ਬਾਹਰੀ ਸੁਰੱਖਿਆ ਨੂੰ ਵੀ ਦਾਅ ਤੇ ਲਗਾ ਦਿੱਤਾ ਹੈ। ਹਾਲੇ ਕੁੱਝ ਦਿਨ ਹੀ ਬੀਤੇ ਹਨ ਜਦੋਂ ਪੱਛਮੀ ਬੰਗਾਲ ਵੱਲੋਂ ਕੀਤਾ ਗਿਆ ਅਧਿਆਪਕਾਂ ਦੀਆਂ ਭਰਤੀਆਂ ਵਿਚ ਕਰੋੜਾਂ ਦਾ ਲੈਣ-ਦੇਣ ਕਰਨ ਵਿਚ ਨੇਤਾ ਤੇ ਅਧਿਕਾਰੀਆਂ ਨੂੰ ਫੜਿਆ ਗਿਆ । ਜਦਕਿ ਇਸ ਤੋਂ ਪਹਿਲਾਂ ਬੋਫੋਰਜ਼ ਕਾਂਡ, ਤਾਬੂਤ ਕਾਂਡ ਜਿਹੇ ਕਮਿਸ਼ਨ ਰੂਪੀ ਰਿਸ਼ਵਤ ਨੂੰ ਹੜੱਪਣ ਦੇ ਕੇਸਾਂ ਤੇ ਭਾਵੇਂ ਰਾਜਨੀਤੀ ਤਾਂ ਖੂਬ ਹੌਈ ਪਰ ਕੁੱਛ ਵੀ ਨਹੀਂ ਬਣਿਆ। ਮਹਾਂਰਾਸ਼ਟਰ ਦੇ ਸੰਜੇ ਰਾਊਤ ਦਾ ਕੇਸ ਵੀ ਵਿਚਾਰ ਅਧੀਨ ਹੈ। ੳੇੇੇੁਥੇ ਹੀ ਭ੍ਰਿਸ਼ਟਾਚਾਰ ਦੇ ਕੇਸ ਵਿਚ ਬਿਹਾਰ ਦੇ ਲਾਲੂ ਪ੍ਰਸ਼ਾਦ ਯਾਦਵ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਸਜ਼ਾ ਵੀ ਭੁਗਤ ਰਹੇ ਹਨ। ਇਸ ਤੋਂ ਬਾਅਦ ਪੰਜਾਬ ਦੇ ਰਵੀ ਸਿੱਧੂ ਤੋਂ ਲੈਕੇ ਮੰਡੀ ਬੋਰਡ ਦੇ ਐਮ.ਡੀ ਸੁਰਿੰਦਰ ਪਾਲ ਮਾਨ ਦਾ ਮਾਮਲਾ ਕਿ ਜਿਸਨੇ 2000 ਕਰੋੜ ਦਾ ਸ਼ਰੇਆਮ ਘਪਲਾ ਕੀਤਾ। ਇਹ ਕੰਮ ਰੁਕਿਆ ਨਹੀਂ ਕਿ ਜਿਸਦੀ ਤਹਿਤ ਹਾਲ ਹੀ ਵਿਚ ਪੰਜਾਬ ਵਿਚ ਪਿਛਲੀ ਕੇਂਦਰ ਸਰਕਾਰ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਸੰਗਤ ਸਿੰਘ ਗਿਲਚੀਆਂ ਜੰਗਲਾਤ ਮਹਿਕਮੇ ਦੇ ਕਰੋੜਾਂ ਦੇ ਘਪਲੇ ਵਿਚ ਜੇਲ੍ਹ ਵਿਚ ਗਏ। ਹਾਲ ਹੀ ਵਿਚ ਲੁਧਿਆਣਾ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਸੁਬਰਾਮਨੀਅਮ ਅਤੇ ਖੁਰਾਕ ਤੇ ਸਿਵਿਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਵੀ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੈ।

ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਇਸ ਗੱਲ ਨੂੰ ਲੈਕੇ ਹੀ ਹੋਂਦ ਵਿਚ ਲਿਆਂਦੀ ਸੀ ਕਿ ਉਹ ਪੰਜਾਬ ਵਿਚ ਭ੍ਰਿਸ਼ਟਾਚਾਰ ਖਤਮ ਕਰਕੇ ਪਾਰਦਰਸ਼ੀ ਰਾਜ ਪ੍ਰਦਾਨ ਕਰੇਗੀ। ਉਸ ਨੇ ਕੋਸ਼ਿਸ਼ ਵੀ ਕੀਤੀ ਹੈ ਅਤੇ ਇਸ ਦੀ ਤਹਿਤ 200 ਦੇ ਕਰੀਬ ਭ੍ਰ੍ਰਿਸ਼ਟਾਚਾਰੀ ਪਕੜੇ ਵੀ ਜਾ ਚੁੱਕੇ ਹਨ। ਜਿਸ ਦੇ ਵਿਚ ਪੰਜਾਬ ਸਰਕਾਰ ਦਾ ਸਿਹਤ ਮੰਤਰੀ ਸ੍ਰੀ ਵਿਜੇ ਸਿੰਗਲਾ ਵੀ ਕਮਿਸ਼ਨ ਰੂਪੀ ਰਿਸ਼ਵਤ ਮੰਗਣ ਦੇ ਚੱਕਰ ਵਿਚ ਜੇਲ੍ਹ ਦੀ ਹਵਾ ਖਾ ਚੁੱਕਾ ਹੈ। ਇਸ ਤੋਂ ਬਾਅਦ ਜੇਕਰ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਚਲਨ ਨੂੰ ਤਾਂ ਠੰਡ ਪੈ ਹੀ ਨਹੀਂ ਰਹੀ ਬਲਕਿ ਨਿੱਤ ਦਿਨ ਕੋਈ ਨਾ ਕੋਈ ਫੜਿਆ ਹੀ ਜਾ ਰਿਹਾ ਹੈ । ਹਾਲ ਹੀ ਵਿੱਚ ਲੁਧਿਆਣਾ ਦੇ ਇੱਕ ਪਟਵਾਰੀ ਹਰਕੀਰਤ ਸਿੰਘ ਨੇ ਤਾਂ ਭ੍ਰਿਸ਼ਟ ਕਮਾਈ ਦੀ ਹੱਦ ਹੀ ਕਰ ਦਿੱਤੀ ਕਿ 435 ਇੰਤਕਾਲਾਂ ਤੇ ਤਹਿਸੀਲਦਾਰ ਦੇ ਫਰਜ਼ੀ ਦਸਤਖਤ ਕਰਕੇ ਉਹ ਫਰਾਰ ਹੋ ਗਿਆ। ਭਾਵੇਂ ਕਿ ਉਹ 9 ਦਿਨ ਦੇ ਬਾਅਦ ਵਿਜੀਲੈਂਸ ਦੀ ਗ੍ਰਿਫਤ ਵਿਚ ਆ ਗਿਆ ਹੈ। ਹੁਣ ਕਾਰਵਾਈ ਨੇ ਆਪਣੇ ਅਸਲ ਰੰਗ ਵਿਖਾਉਣੇ ਹਨ। ਪਟਵਾਰੀਆਂ ਦੇ ਮਾਮਲੇ ਵਿਚ ਹੀ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਅੱਜ ਮਾਲ ਹਲਕਾ ਹਠੂਰ, ਤਹਿਸੀਲ ਜਗਰਾਉਂ ਵਿਖੇ ਤਾਇਨਾਤ ਇੱਕ ਪਟਵਾਰੀ ਜਸਪ੍ਰੀਤ ਸਿੰਘ ਨੂੰ 5,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਪਟਵਾਰੀ ਜਸਪ੍ਰੀਤ ਸਿੰਘ ਨੂੰ ਰੇਸ਼ਮ ਸਿੰਘ ਵਾਸੀ ਪਿੰਡ ਹਠੂਰ, ਤਹਿਸੀਲ ਜਗਰਾਉਂ ਦੀ ਸ਼ਿਕਾਇਤ ਤੇ ਗ੍ਰਿਫਤਾਰ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਇਤਲਾਹ ਦਿੱਤੀ ਸੀ ਕਿ ਉਕਤ ਪਟਵਾਰੀ ਉਨਾਂ ਦੀ ਜੱਦੀ ਜ਼ਮੀਨ ਦੀ ਤਕਸੀਮ(ਬਟਵਾਰਾ) ਕਰਨ ਲਈ 3000 ਰੁਪਏ ਪ੍ਰਤੀ ਏਕੜ ਰਿਸ਼ਵਤ ਦੀ ਮੰਗ ਕਰ ਰਿਹਾ ਹੈ। ਇਸ ਤਰਾਂ ਕੁੱਲ 25 ਏਕੜ ਪੁਸ਼ਤੈਨੀ ਜਮੀਨ ਦੀ ਤਕਸੀਮ ਬਦਲੇ ਉਸ ਵੱਲੋਂ ਰਿਸ਼ਵਤ ਦੀ ਕੁੱਲ ਰਕਮ 75,000 ਰੁਪਏ ਮੰਗ ਕੀਤੀ ਗਈ ਹੈ। ਸ਼ਿਕਾਇਤਕਰਤਾ ਵਲੋਂ ਦਿੱਤੀ ਸੂਚਨਾ ਦੀ ਪੜਤਾਲ ਕਰਨ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਦੋਸ਼ੀ ਪਟਵਾਰੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ ਪਹਿਲੀ ਕਿਸ਼ਤ ਵਜੋਂ 5000 ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ ਤੇ ਹੀ ਕਾਬੂ ਕਰ ਲਿਆ। ਉਨਾਂ ਦੱਸਿਆ ਕਿ ਦੋਸ਼ੀ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਆਰਥਿਕ ਅਪਰਾਧ ਸ਼ਾਖਾ ਦੇ ਥਾਣਾ ਲੁਧਿਆਣਾ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

ਇਸ ਤੋਂ ਪਹਿਲਾਂ ਜਲੰਧਰ ਲੁਧਿਆਣਾ ਅਤੇ ਗੁਰਦਾਸਪੁਰ ਦਾ ਮੋਟਰ ਵਹੀਕਲ ਇੰਸਪੈਕਟਰ ਵੱਡੇ ਪੱਧਰ ਦੀ ਰਿਸ਼ਵਤ ਹਾਸਲ ਕਰਨ ਦੇ ਚੱਕਰ ਵਿੱਚ ਫੜਿਆ ਗਿਆ। ਇੰਸਪੈਕਟਰ ਦੀ ਰਿਸ਼ਵਤ ਰੁਪੀ ਰਕਮ ਦਾ ਭੰਡਾਰ ਇੰਨਾ ਕੁ ਵੱਡਾ ਹੈ ਕਿ ਉਸ ਨੇ ਆਪਨੀ ਸਰਵਿਸ ਦੇ ਸਮੇਂ ਦੌਰਾਨ 63 ਕਰੋੜ ਦੀ ਰਿਸ਼ਵਤ ਦੀ ਕਮਾਈ ਕੀਤੀ ਹੇ ਜੋ ਕਿ ਮਾਮਲਾ ਜਾਂਚ ਅਧੀਨ ਹੈ। ਜਦਕਿ ਸਰਕਾਰ ਕਹਿੰਦੀ ਹੈ ਕਿ ਉਹਨਾਂ ਨੇ ਬਹੁਤ ਸਖਤਾਈ ਕੀਤੀ ਹੈ ਅਤੇ ਤਦ ਹੀ ਰਿਸ਼ਵਤਖੋਰ ਫੜੇ ਜਾ ਰਹੇ ਹਨ। ਅਖਿਰ ਇਸ ਕੀ ਵਜ੍ਹਾ ਹੈ ਕਿ ਸਰਕਾਰੀ ਮੁਲਾਜ਼ਮਾਂ ਦੇ ਹੌਂਸਲੇ ਇੰਨੇ ਪਸਤ ਕਿਉਂ ਹਨ ਕਿ ਉੇਹ ਵਿਜੀਲੈਂਸ ਦੀ ਰਿਸ਼ਵਤ ਮਾਮਲੇ ਵਿਚ ਕਾਰਵਾਈ ਦਾ ਡਰ ਭੈਅ ਹੀ ਨਹੀਂ ਮਂਨਦੇ।
ਬੀਤੀ ਕੱਲ੍ਹ ਇੱਕ ਗੈਂਗਸਟਰ ਦਾ ਪੁਲਿਸ ਹਿਰਾਸਤ ਵਿਚੋਂ ਭੱਜਣਾ ਵੀ ਕਿਸੇ ਹੋਰ ਗੱਲ ਦਾ ਪ੍ਰਤੀਕ ਨਹੀਂ ਬਲਕਿ ਉਹ ਵੀ ਭ੍ਰਿਸ਼ਟਾਚਾਰ ਦੀ ਕਮਾਈ ਦੀ ਤਹਿਤ ਆਉਣ ਦਾ ਸ਼ੱਕ ਹੈ। ਮਰਹੂਮ ਗਾਇਕ ਸਿੱਧੂ ਮੂਸੇਵਾਲਾ ਹੱਤਿਆ ਕਾਂਡ ਦੇ ਮੁਲਜ਼ਮ ਤੇ ਸ਼ਾਰਪ ਸ਼ੂਟਰ ਦੀਪਕ ਟੀਨੂੰ ਦੇ ਪੁਲਿਸ ਹਿਰਾਸਤ ਚੋਂ ਫ਼ਰਾਰ ਹੋਣ ਦੇ ਮਾਮਲੇ ਚ ਸਨਸਨੀਖੇਜ ਖ਼ੁਲਾਸੇ ਸਾਹਮਣੇ ਆਉਣ ਲੱਗੇ ਹਨ। ਭਾਵੇਂ ਕੋਈ ਵੀ ਪੁਲਿਸ ਅਧਿਕਾਰੀ ਮੂੰਹ ਖੋਲ੍ਹਣ ਲਈ ਤਿਆਰ ਨਹੀਂ ਪਰ ਅਜਿਹੀਆਂ ਕਨਸੋਆਂ ਮਿਲੀਆਂ ਹਨ, ਜਿਨ੍ਹਾਂ ਨੂੰ ਜਾਣ ਕੇ ਹਰ ਬੰਦਾ ਹੱਕਾ ਬੱਕਾ ਰਹਿ ਜਾਂਦਾ ਹੈ। ਖ਼ਤਰਨਾਕ ਅਪਰਾਧੀ ਲਾਰੈਂਸ ਬਿਸ਼ਨੋਈ ਦਾ ਅਤਿ ਭਰੋਸੇਯੋਗ ਟੀਨੂੰ 1-2 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਪੁਲਿਸ ਹਿਰਾਸਤ ਚੋਂ ਫ਼ਰਾਰ ਹੋ ਗਿਆ ਸੀ। ਮੁੱਢਲੀ ਜਾਂਚ ਵਿਚ ਖ਼ੁਲਾਸਾ ਹੋਇਆ ਸੀ ਕਿ ਟੀਨੂੰ ਨੂੰ ਸੀ.ਆਈ.ਏ ਸਟਾਫ਼ ਮਾਨਸਾ ਦੇ ਇੰਚਾਰਜ ਸਬ ਇੰਸਪੈਕਟਰ ਪ੍ਰਿਤਪਾਲ ਸਿੰਘ ਇਕੱਲੇ ਹੀ ਬਿਨਾਂ ਕਿਸੇ ਸੁਰੱਖਿਆ ਤੋਂ ਆਪਣੀ ਨਿੱਜੀ ਗੱਡੀ ਚ ਕਿਸੇ ਥਾਂ ਤੇ ਲੈ ਕੇ ਗਏ ਸਨ। ਸਵੇਰ ਹੁੰਦੇ ਹੀ ਉਸ ਦੇ ਫ਼ਰਾਰ ਹੋਣ ਦੀ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਸੀ। ਜਿਸ ਨੇ ਪੂਰੇ ਪੁਲਿਸ ਤੰਤਰ ਨੂੰ ਤਰੇਲੀ ਲਿਆ ਦਿੱਤੀ ਸੀ। ਭਾਵੇਂ ਫ਼ੌਰੀ ਕਾਰਵਾਈ ਕਰਦਿਆਂ ਡੀ.ਜੀ.ਪੀ ਪੰਜਾਬ ਗੌਰਵ ਯਾਦਵ ਦੇ ਹੁਕਮਾਂ ਤੇ ਸਾਰੇ ਘਟਨਾਕ੍ਰਮ ਲਈ ਜ਼ਿੰਮੇਵਾਰ ਕਥਿਤ ਦੋਸ਼ੀ ਪ੍ਰਿਤਪਾਲ ਸਿੰਘ ਨੂੰ ਬਰਖ਼ਾਸਤ ਕਰ ਕੇ ਉਸ ਵਿਰੁੱਧ ਅਪਰਾਧਿਕ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰ ਵੀ ਕਰ ਲਿਆ ਸੀ। ਲੇਕਿਨ ਮਾਮਲੇ ਦੀਆਂ ਪੂਰੀਆਂ ਪਰਤਾਂ ਬਾਰੇ ਹਾਲੇ ਤੱਕ ਜਨਤਕ ਤੌਰ ਤੇ ਕੋਈ ਖ਼ੁਲਾਸਾ ਨਹੀਂ ਕੀਤਾ ਗਿਆ।

ਭਰੋਸੇਯੋਗ ਸੂਤਰਾਂ ਦੀ ਮੰਨੀ ਜਾਵੇ ਤਾਂ ਉਸ ਰਾਤ ਸਬ ਇੰਸਪੈਕਟਰ ਸੀ.ਆਈ.ਏ ਸਟਾਫ਼ ਦੇ ਅਹਾਤੇ ਚ ਲੱਗੇ ਸੀ.ਸੀ.ਟੀ.ਵੀ ਕੈਮਰੇ ਬੰਦ ਕਰਵਾ ਕੇ ਦੀਪਕ ਟੀਨੂੰ ਨੂੰ ਪ੍ਰਾਈਵੇਟ ਗੱਡੀ ਵਿਚ ਬਿਠਾ ਕੇ ਸਿੱਧਾ ਅਫ਼ਸਰ ਕਾਲੋਨੀ ਮਾਨਸਾ ਚ ਸਥਿਤ ਆਪਣੀ ਅਣਅਧਿਕਾਰਤ ਕੋਠੀ ਨੰ: 4-ਬੀ ਵਿਚ ਲੈ ਗਿਆ। ਸੂਤਰ ਤਾਂ ਇਹ ਦਾਅਵਾ ਵੀ ਕਰਦੇ ਹਨ ਕਿ ਟੀਨੂੰ ਦੀ ਟਹਿਲ ਸੇਵਾ ਲਈ ਕਿਸੇ ਲੜਕੀ ਨੂੰ ਵੀ ਲਿਆਂਦਾ ਗਿਆ ਸੀ। ਜਿਸ ਨੂੰ ਕੋਈ ਵਿਅਕਤੀ ਸਕਾਰਪੀਓ ਗੱਡੀ ਵਿਚ ਛੱਡ ਕੇ ਗਿਆ ਸੀ। ਕੋਠੀ ਦੇ ਇੱਕ ਕਮਰੇ ਚ ਟੀਨੂੰ ਸਮੇਤ ਲੜਕੀ ਅਤੇ ਦੂਸਰੇ ਕਮਰੇ ਵਿਚ ਖ਼ੁਦ ਸੀ.ਆਈ.ਏ ਇੰਚਾਰਜ ਠਹਿਰੀਆਂ। ਸਬ ਇੰਸਪੈਕਟਰ ਨੂੰ ਜਾਗ ਸਵੇਰੇ ਖੁੱਲ੍ਹਣ ਤੇ ਪਤਾ ਲੱਗਾ ਕਿ ਟੀਨੂੰ ਫ਼ਰਾਰ ਹੋ ਚੁੱਕਿਆ ਹੈ। ਨੀਂਦ ਆਉਣ ਦਾ ਕਾਰਨ ਕਿਸੇ ਨਸ਼ੇ ਦੇ ਸੇਵਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਟੀਨੂੰ ਫ਼ਰਾਰ ਹੋ ਗਿਆ, ਸਬ ਇੰਸਪੈਕਟਰ ਪੁਲਿਸ ਹਿਰਾਸਤ ਚ ਹੈ। ਰਾਤ ਨੂੰ ਆਈ ਲੜਕੀ ਕਿੱਧਰ ਗਈ, ਇਹ ਗੱਲ ਹਾਲੇ ਵੀ ਬੁਝਾਰਤ ਬਣੀ ਹੋਈ ਹੈ। ਪੱਤਰਕਾਰਾਂ ਦੀ ਟੀਮ ਜਦੋਂ ਸੰਬੰਧਿਤ ਕੋਠੀ ਵੇਖਣ ਗਈ ਤਾਂ ਉੱਥੇ ਕੁਝ ਮੀਡੀਆ ਕਰਮੀਂ ਮੌਜੂਦ ਸਨ ਅਤੇ ਦੇਖਿਆ ਗਿਆ ਕਿ ਕੋਠੀ ਦੇ ਬਾਹਰਲੇ ਗੇਟ ਨੂੰ ਕੋਈ ਜਿੰਦਰਾ ਵਗ਼ੈਰਾ ਨਹੀਂ ਲੱਗਿਆ ਹੋਇਆ ਸੀ। ਇਸਦੇ ਨਾਲ ਦੀਆਂ 2 ਕੋਠੀਆਂ ਵੀ ਖ਼ਾਲੀ ਹੀ ਪਈਆਂ ਹਨ। ਅੱਜ ਕੁਝ ਪੁਲਿਸ ਅਧਿਕਾਰੀਆਂ ਵਲੋਂ ਵੀ ਕੋਠੀਆਂ ਦਾ ਨਿਰੀਖਣ ਕੀਤੇ ਜਾਣ ਦਾ ਪਤਾ ਲੱਗਾ ਹੈ। ਵਰਨਣਯੋਗ ਹੈ ਕਿ ਬਹੁਤ ਛੋਟੀ ਅਫ਼ਸਰ ਕਾਲੋਨੀ ਵਿਚ ਸਿਵਲ, ਪੁਲਿਸ ਅਤੇ ਜੁਡੀਸ਼ੀਅਲ ਅਧਿਕਾਰੀ ਰਹਿੰਦੇ ਹਨ। ਜਦੋਂਕਿ ਐਸ.ਐਸ.ਪੀ ਮਾਨਸਾ ਅਤੇ ਸੈਸ਼ਨ ਜੱਜ ਦੀਆਂ ਕੋਠੀਆਂ ਵੀ ਤਕਰੀਬਨ 300 ਕੁ ਮੀਟਰ ਦੀ ਦੂਰੀ ਤੇ ਹਨ। ਪੁਲਿਸ ਅਧਿਕਾਰੀਆਂ ਨਾਲ ਸੰਪਰਕ ਕਰਨ ਤੇ ਉਨ੍ਹਾਂ ਇਸ ਮੁੱਦੇ ਤੇ ਕੁਝ ਵੀ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਮੀਡੀਆਂ ਕਿਹਾ ਕਿ ਮਾਮਲਾ ਜਾਂਚ ਦਾ ਵਿਸ਼ਾ ਹੈ।
ਹੁਣ ਵਿਸ਼ੇਸ਼ ਜਾਂਚ ਦਾ ਮਸਲਾ ਤਾਂ ਇਹ ਹੈ ਕਿ ਆਖਿਰ ਇਹਨਾਂ ਰਿਸ਼ਵਤ ਦੇ ਮਾਮਲਿਆਂ ਵਿਚ ਕੀ ਮਜ਼ਬੂਰੀ ਹੈ। ਉਹਨਾਂ ਨੂੰ ਆਪਣੀ ਨੌਕਰੀ ਦੀ ਵੀ ਪਰਵਾਹ ਨਹੀਂ ਅਤੇ ਨਾ ਹੀ ਉੇਹਨਾਂ ਨੂੰ ਆਪਣੀ ਵਰਦੀ ਦੀ। ਇਸੇ ਵਰਦੀ ਨੂੰ ਪਹਿਣਨ ਸਮੇਂ ਉਹਨਾਂ ਨੇ ਦੇਸ਼ ਅਤੇ ਲੋਕਾਂ ਦੀ ਰੱਖਿਆ ਦੀ ਕਸਮ ਖਾਧੀ ਸੀ। ਲੱਗਦਾ ਹੈ ਕਿ ਰਿਸ਼ਵਤ ਦੇ ਮਾਮਲਿਆਂ ਤੇ ਕਿਸੇ ਵਿਦੇਸ਼ੀ ਕਮਿਸ਼ਨ ਨੂੰ ਨਾਮਜਦ ਕਰਨਾ ਹੋਵੇਗਾ ਤਾਂ ਜੋ ਇਸ ਸਭ ਦੇ ਕਾਰਨਾਂ ਦੀ ਸਚਾਈ ਸਾਹਮਣੇ ਆ ਸਕੇ । ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੇਕਰ ਆਪਣੀ ਸਰਕਾਰ ਦੇ ਮੰਤਰੀ ਨੂੰ ਗ੍ਰਿਫਤਾਰ ਕਰਨ ਦੇ ਮਾਮਲੇ ਵਿਚ ਇਤਿਹਾਸ ਰੱਚ ਸਕਦੇ ਹਨ। ਹੁਣ ਤਾਂ ਫਿਰ ਇਸ ਪੁਲਿਸ ਮੁਲਾਜ਼ਮ ਦੀ ਰਿਸ਼ਵਤ ਲੈਣ ਸੰਬੰਧੀ ਅਸਲ ਕਾਰਵਾਈ ਤੇ ਉਸ ਦੇ ਕਾਰਨਾਂ ਦਾ ਜੱਗ ਜਾਹਿਰ ਹੋਣਾ ਬਹੁਤ ਹੀ ਅਤਿ ਜਰੂਰੀ ਹੈ। ਤਾਂ ਜੋ ਭਵਿੱਖ ਵਿਚ ਅਜਿਹਾ ਕੋਈ ਕਾਰਾ ਹੋਂਦ ਵਿਚ ਨਾ ਆਵੇ।

 

Related post

ਭਗਵੰਤ ਮਾਨ ਨੇ ਸਰਕਾਰੀ ਸਿਹਤ ਸੰਭਾਲ ਕੇਂਦਰਾਂ ਵਿੱਚ ਉੱਚ ਪੱਧਰੀ ਸਹੂਲਤਾਂ ਲਈ ਵਚਨਬੱਧਤਾ ਦੁਹਰਾਈ

ਭਗਵੰਤ ਮਾਨ ਨੇ ਸਰਕਾਰੀ ਸਿਹਤ ਸੰਭਾਲ ਕੇਂਦਰਾਂ ਵਿੱਚ ਉੱਚ…

ਚੰਡੀਗੜ੍ਹ: ਸੂਬੇ ਦੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਵੱਲ ਅੱਗੇ ਵਧਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ…
BHAGWANT MANN REITERATES COMMITMENT TO UPSCALE FACILITIES IN GOVERNMENT HEALTH CARE CENTRES

BHAGWANT MANN REITERATES COMMITMENT TO UPSCALE FACILITIES IN GOVERNMENT…

Chandigarh: Taking a leap forward towards further imparting quality health service to the people of state, the Punjab Chief Minister Bhagwant…
ਜਵਾਲਾ ਗੁੱਟਾ ਅਕੈਡਮੀ ਆਫ ਐਕਸੀਲੈਂਸ ਵਿਖੇ ਖਿਡਾਰੀਆਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ: ਮੀਤ ਹੇਅਰ

ਜਵਾਲਾ ਗੁੱਟਾ ਅਕੈਡਮੀ ਆਫ ਐਕਸੀਲੈਂਸ ਵਿਖੇ ਖਿਡਾਰੀਆਂ ਨੂੰ ਵਿਸ਼ੇਸ਼…

ਚੰਡੀਗੜ੍ਹ: ਪੰਜਾਬ ਦੇ ਖਿਡਾਰੀਆਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਲਈ ਤਿਆਰ ਕਰਨ ਲਈ ਵਧੀਆ ਪਲੇਟਫਾਰਮ ਪ੍ਰਦਾਨ ਕਰਨ ਲਈ ਪੰਜਾਬ ਦੇ 35…
0 0 votes
Article Rating
Subscribe
Notify of
guest
0 Comments
Inline Feedbacks
View all comments