
CM ਮਾਨ ਨੇ ਕੀਰਤਪੁਰ ਟੋਲ ਪਲਾਜ਼ਾ ਨੂੰ ਕੀਤਾ ਫਰੀ
- Punjab News
- April 1, 2023
- No Comment
- 31
ਜਲੰਧਰ:
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬਾ ਸਰਕਾਰ ਦੇ ਟੋਲ ਪਲਾਜ਼ਿਆਂ ਨੂੰ ਬੰਦ ਕਰਵਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਬੇਰੋਕ ਜਾਰੀ ਹੈ। ਅੱਜ ਇਸੇ ਕੜੀ ਵਿੱਚ ਮੁੱਖ ਮੰਤਰੀ ਨੇ ਸ੍ਰੀ ਕੀਰਤਪੁਰ ਸਾਹਿਬ ਵਿੱਚ ਆਨੰਦਪੁਰ ਸਾਹਿਬ-ਊਨਾ ਰੋਡ ’ਤੇ ਲੱਗੇ ਟੋਲ ਪਲਾਜ਼ਾ ਨੂੰ ਖਾਲੀ ਕਰਵਾਇਆ। ਮੁੱਖ ਮੰਤਰੀ ਨੇ ਕਿਹਾ ਕਿ ਇਸ ਟੋਲ ਪਲਾਜ਼ਾ ਦੇ ਬੰਦ ਹੋਣ ਨਾਲ ਹੁਣ ਲੋਕਾਂ ਨੂੰ ਰੋਜ਼ਾਨਾ 10 ਲੱਖ 12 ਹਜ਼ਾਰ ਰੁਪਏ ਦੀ ਬੱਚਤ ਹੋਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਸਰਕਾਰ 7 ਟੋਲ ਪਲਾਜ਼ੇ ਬੰਦ ਕਰ ਚੁੱਕੀ ਹੈ। ਕੀਰਤਪੁਰ ਸਾਹਿਬ ਅੱਠਵਾਂ ਟੋਲ ਪਲਾਜ਼ਾ ਹੈ, ਜਿਸ ਨੂੰ ਫਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਮਿਆਦ ਪੁੱਗਣ ਦੀ ਤਰੀਕ ’ਤੇ ਨਹੀਂ ਸਗੋਂ ਪਹਿਲਾਂ ਬੰਦ ਕਰ ਦਿੱਤੀ ਗਈ ਸੀ। ਇਹ ਕੰਮ ਪਹਿਲੀਆਂ ਸਰਕਾਰਾਂ ਵੀ ਕਰ ਸਕਦੀਆਂ ਸਨ, ਪਰ ਉਨ੍ਹਾਂ ਦੀ ਨੀਅਤ ਸਾਫ਼ ਨਹੀਂ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਕੰਪਨੀ ਤੋਂ 67 ਕਰੋੜ ਰੁਪਏ ਦੀ ਵਸੂਲੀ ਕਰਕੇ ਇਸ ਸੜਕ ’ਤੇ ਖਰਚ ਕੀਤਾ ਜਾਵੇਗਾ। ਸੜਕਾਂ ਦੇ ਰੱਖ-ਰਖਾਅ ਦੀ ਜ਼ਿੰਮੇਵਾਰੀ ਲੋਕ ਨਿਰਮਾਣ ਵਿਭਾਗ ਨੂੰ ਦਿੱਤੀ ਗਈ ਹੈ। ਅਜਿਹਾ ਨਹੀਂ ਹੋਵੇਗਾ ਕਿ ਟੋਲ ਪਲਾਜ਼ਾ ਬੰਦ ਹੋਣ ਤੋਂ ਬਾਅਦ ਸੜਕਾਂ ਦੀ ਸਾਂਭ-ਸੰਭਾਲ ਨਹੀਂ ਕੀਤੀ ਜਾਵੇਗੀ, ਸਗੋਂ ਕੰਪਨੀ ਵੱਲੋਂ ਵਧੀਆ ਤਰੀਕੇ ਨਾਲ ਸਾਂਭ-ਸੰਭਾਲ ਕੀਤੀ ਜਾਵੇਗੀ।
ਭਗਵੰਤ ਮਾਨ ਨੇ ਚੇਤਾਵਨੀ ਦਿੱਤੀ ਕਿ ਪੰਜਾਬ ਦਾ ਪੈਸਾ ਖਾਣ ਵਾਲੇ ਨਹੀਂ ਬਚਣਗੇ। ਜਿਨ੍ਹਾਂ ਨੇ ਸਮਝੌਤਾ ਤੋੜ ਕੇ ਕੰਪਨੀ ਦੀ ਮਦਦ ਕੀਤੀ ਅਤੇ ਐਕਸਟੈਂਸ਼ਨ ਦੇਣ ਵਿੱਚ ਮਦਦ ਕੀਤੀ ਅਤੇ ਮੋਟੀ ਕਮਾਈ ਕਰਕੇ ਜਾਇਦਾਦ ਬਣਾਈ, ਉਨ੍ਹਾਂ ਸਾਰਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਦਾ ਲੁੱਟਿਆ ਹੋਇਆ ਪੈਸਾ ਮੁੜ ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾਂ ਕਰਵਾਇਆ ਜਾਵੇਗਾ।
ਅੱਜ ਕੀਰਤਪੁਰ ਸਾਹਿਬ ਟੋਲ ਪਲਾਜ਼ਾ ਨੂੰ ਬੰਦ ਕਰਨ ਤੋਂ ਪਹਿਲਾਂ ਮੁੱਖ ਮੰਤਰੀ ਨੇ ਇੱਕ ਟਵੀਟ ਵੀ ਕੀਤਾ ਸੀ। ਮੁੱਖ ਮੰਤਰੀ ਨੇ ਇੱਕ ਟਵੀਟ ਵਿੱਚ ਕਿਹਾ ਸੀ ਕਿ ਲੋਕਾਂ ਦੇ ਪੈਸੇ ਦੀ ਲੁੱਟ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਅੱਜ ਸ੍ਰੀ ਆਨੰਦਪੁਰ ਸਾਹਿਬ-ਊਨਾ ਟੋਲ ਪਲਾਜ਼ਾ ਸ੍ਰੀ ਕੀਰਤਪੁਰ ਸਾਹਿਬ ਵਿੱਚ ਮੁਫ਼ਤ ਕੀਤਾ ਜਾਵੇਗਾ। ਲੋਕਾਂ ਦੀ ਇੱਕ ਦਿਨ ਵਿੱਚ 10 ਲੱਖ 12 ਹਜ਼ਾਰ ਰੁਪਏ ਦੀ ਬਚਤ ਹੋਵੇਗੀ।



