
ਪੰਜਾਬ ਸਰਕਾਰ ਲੋਕਾਂ ਦੀਆਂ ਸਾਰੀਆਂ ਸਮੱਸਿਆਵਾਂ ਦੇ ਹੱਲ ਲਈ ਦ੍ਰਿੜ ਸੰਕਲਪ – ਅਨਮੋਲ ਗਗਨ ਮਾਨ
- Punjab News
- March 15, 2023
- No Comment
- 23
ਐਸ ਏ ਐਸ ਨਗਰ/ਚੰਡੀਗੜ੍ਹ:
ਪੰਜਾਬ ਦੇ ਸ਼ਿਕਾਇਤ ਨਿਵਾਰਨ, ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ, ਕਿਰਤ, ਨਿਵੇਸ਼ ਪ੍ਰਮੋਸ਼ਨ ਅਤੇ ਪ੍ਰਾਹੁਣਚਾਰੀ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਸਾਰੀਆਂ ਸਮੱਸਿਆਵਾਂ ਦੇ ਹੱਲ ਲਈ ਪੂਰੀ ਤਰ੍ਹਾਂ ਦ੍ਰਿੜ ਹੈ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਲਈ ਲੋੜੀਂਦੇ ਫੰਡ ਮੌਜੂਦ ਹਨ।
ਅੱਜ ਹਲਕਾ ਖਰੜ ਦੇ ਵੱਖ-ਵੱਖ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਹੋਏ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਦੇ ਵਿਕਾਸ ਲਈ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਹੈ ਅਤੇ ਵਿਕਾਸ ਦੇ ਰਾਹ ਵਿੱਚ ਆਉਣ ਵਾਲੀਆਂ ਸਾਰੀਆਂ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਰਿਹਾ ਹੈ। ਅੱਜ ਖਰੜ ਬਲਾਕ ਦੇ ਸਵਾੜਾ ਵਿਖੇ ਲਗਾਏ ਗਏ ਕੈਂਪ ਦੌਰਾਨ ਉਨ੍ਹਾਂ ਪਿੰਡ ਗੱਬੇ ਮਾਜਰਾ, ਮਗਰ, ਰਸਨਹੇੜੀ, ਨੰਗਲ ਫੈਜ਼ਗੜ੍ਹ ਅਤੇ ਸਵਾੜਾ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ। ਮੰਤਰੀ ਨੇ ਮੌਕੇ ‘ਤੇ ਹੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ।
ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਲਗਾਏ ਗਏ ਕੈਂਪਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਪੰਜਾਬ ਸਰਕਾਰ ਦੀ ਪਹਿਲ ਹੈ ਅਤੇ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਲਈ ਵੱਖ-ਵੱਖ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਹਨ। ਮੰਤਰੀ ਨੇ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਵੀ ਕੀਤੀ।
ਅਨਮੋਲ ਗਗਨ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਿੰਡਾਂ ਦੇ ਵਿਕਾਸ ਵਿੱਚ ਵੱਧ ਚੜ੍ਹ ਕੇ ਆਪਣਾ ਰੋਲ ਅਦਾ ਕਰਨ। ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਧੜੇਬੰਦੀ ਤੋਂ ਉਪਰ ਉਠ ਕੇ ਵਿਕਾਸ ਕਾਰਜਾਂ ‘ਤੇ ਨਜ਼ਰ ਰੱਖਣ ਲਈ ਵੀ ਕਿਹਾ ਤਾਂ ਜੋ ਵਿਕਾਸ ਕਾਰਜਾਂ ‘ਚ ਕੋਈ ਗਲਤੀ ਨਾ ਰਹੇ ਅਤੇ ਸਾਰੇ ਵਿਕਾਸ ਕਾਰਜ ਨਿਰਧਾਰਿਤ ਮਾਪਦੰਡਾਂ ਅਨੁਸਾਰ ਹੀ ਕਰਵਾਏ ਜਾ ਸਕਣ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਲੋਕਾਂ ਦੀ ਲੋੜ ਅਨੁਸਾਰ ਬੱਸਾਂ ਦੇ ਰੂਟ ਬਣਾਏ ਜਾਣਗੇ। ਉਨ੍ਹਾਂ ਸਰਕਾਰੀ ਸਕੀਮਾਂ ਨੂੰ ਲਾਗੂ ਕਰਨ ਲਈ ਲੋਕਾਂ ਦੇ ਸਹਿਯੋਗ ਦੀ ਮੰਗ ਕੀਤੀ। ਮੰਤਰੀ ਨੇ ਕਿਹਾ ਕਿ ਸੂਬੇ ਦੇ ਵਿਕਾਸ ਲਈ ਲੋਕਾਂ ਦੀ ਭੂਮਿਕਾ ਅਹਿਮ ਹੈ ਅਤੇ ਉਨ੍ਹਾਂ ਦੇ ਸਹਿਯੋਗ ਨਾਲ ਹੀ ਸੂਬੇ ਨੂੰ ਵੱਖ-ਵੱਖ ਸਮੱਸਿਆਵਾਂ ਤੋਂ ਮੁਕਤ ਕੀਤਾ ਜਾ ਸਕਦਾ ਹੈ।
ਮਾਜਰੀ ਬਲਾਕ ਦੇ ਸੋਹਾਲੀ, ਨੰਗਲੀਆ, ਰਕੋਲੀ ਅਤੇ ਸ਼ਾਹਪੁਰ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਲਗਾਏ ਗਏ ਕੈਂਪ ਦੌਰਾਨ ਕੈਬਨਿਟ ਮੰਤਰੀ ਨੇ ਲੇਬਰ ਕਾਰਡ ਦੇ ਫਾਇਦਿਆਂ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਲੇਬਰ ਕਾਰਡ ਰਾਹੀਂ ਲੋਕਾਂ ਨੂੰ ਇਲਾਜ ਲਈ ਆਰਥਿਕ ਮਦਦ ਮਿਲਦੀ ਹੈ ਅਤੇ ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਸ਼ਗਨ ਸਕੀਮ, ਵਜ਼ੀਫੇ ਤੋਂ ਇਲਾਵਾ ਹੋਰ ਵੀ ਕਈ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਮੰਤਰੀ ਨੇ ਲੋੜਵੰਦ ਲੋਕਾਂ ਨੂੰ ਜਾਬ ਕਾਰਡ ਬਣਾਉਣ ਦੀ ਅਪੀਲ ਕੀਤੀ ਤਾਂ ਜੋ ਉਹ ਮਨਰੇਗਾ ਨਾਲ ਸਬੰਧਤ ਸਕੀਮਾਂ ਦਾ ਲਾਭ ਲੈ ਸਕਣ।
ਇਸ ਤੋਂ ਇਲਾਵਾ ਇਨ੍ਹਾਂ ਕੈਂਪਾਂ ਦੌਰਾਨ ਮੁਫ਼ਤ ਮੈਡੀਕਲ ਸਹੂਲਤ, ਰੁਜ਼ਗਾਰ ਲਈ ਰਜਿਸਟ੍ਰੇਸ਼ਨ, ਜਾਬ ਕਾਰਡ ਤੋਂ ਇਲਾਵਾ ਆਧਾਰ ਕਾਰਡ ਬਣਾਉਣ, ਵਿਧਵਾ ਪੈਨਸ਼ਨ, ਬੁਢਾਪਾ ਪੈਨਸ਼ਨ, ਅੰਗਹੀਣ ਪੈਨਸ਼ਨ ਆਦਿ ਸਹੂਲਤਾਂ ਦੇਣ ਸਬੰਧੀ ਕਾਰਵਾਈ ਕੀਤੀ ਗਈ, ਇਸ ਮੌਕੇ ਖਰੜ ਦੇ ਐਸ.ਡੀ.ਐਮ. ਰਵਿੰਦਰ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਇਸ ਮੌਕੇ ਹਾਜ਼ਰ ਸਨ।





